Friday, August 18, 2017

ਲੜਕੀਆਂ ਦੇ ਸਰਕਾਰੀ ਕਾਲਜ ਵੱਲੋਂ ਵੀ ਰੁੱਖਾਂ ਨੂੰ ਬਚਾਉਣ ਦਾ ਸੱਦਾ

Thu, Aug 17, 2017 at 4:05 PM 
ਵਣ ਮਹਾਂਉਤਸਵ ਵਿੱਚ ਪੁੱਜੀਆਂ ਅਹਿਮ ਸ਼ਖਸੀਅਤਾਂ 
ਲੁਧਿਆਣਾ: 17 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੱਜ ਮਿਤੀ 17-08-2017 ਨੂੰ ਵਣ-ਮਹਾਂਉਤਸਵ ਮਨਾਇਆ ਗਿਆ।ਜਿਸ ਵਿੱਚ ਕਾਲਜ ਦੀ ਵਾਤਾਵਰਣ ਸੋਸਾਇਟੀ, ਐਨ.ਐਸ.ਐਸ, ਐਨ.ਸੀ.ਸੀ ਅਤੇ ਰੋਟਰੈਕਟ ਕਲੱਬ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਵਿਸ਼ੇਸ਼ ਸਮਾਗਮ ਤੇ ਮਾਨਯੋਗ ਸ: ਰਵਨੀਤ ਸਿੰਘ ਬਿੱਟੂ ਜੀ, ਮੈਂਬਰ ਪਾਰਲੀਮੈਂਟ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ, ਐਮ.ਐਲ.ਏ, ਲੁਧਿਆਣਾ [ਪੱਛਮੀ] ਅਤੇ ਸ਼੍ਰੀ ਸੰਜੇ ਤਲਵਾੜ, ਐਮ.ਐਲ.ਏ, ਲੁਧਿਆਣਾ [ਪੂਰਬੀ] ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਪ੍ਰਿੰਸੀਪਲ ਪ੍ਰੋ.[ਡਾ.]ਮੁਹਿੰਦਰ ਕੌਰ ਗਰੇਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਾਹਿਮਾਨ ਵਲੋਂ 50 ਤੋਂ ਵੱਧ ਬੂਟੇ ਲਗਾਏ ਗਏ ਅਤੇ ਕਾਲਜ ਦੇ ਹੋਸਟਲ ਵਿੱਚ ਲਗਾਏ ਗਏ ਸੋਲਰ ਪੈਨਲ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੋਲਦਿਆ ਸ. ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਾ ਭਰਾ ਰੱਖਣਾ ਚਾਹੀਦਾ ਹੈ।ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਨੇ ਆਖਿਆ ਕਿ ਪੰਜਾਬ ਵਿਚ ਜੰਗਲਾਂ ਦੀ ਕਟਾਈ ਵੱਡੇ ਪੱਧਰ ਤੇ ਹੋਈ ਹੈ।ਇਸ ਲਈ ਮੌਸਮ ਵਿਚ ਭਾਰੀ ਤਬਦੀਲੀਆਂ ਆਈਆ ਹਨ। ਦਰੱਖਤਾਂ ਦਾ ਮਨੁੱਖ ਦੀ ਜਿੰਦਗੀ ਵਿਚ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਇਹਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਨੇ ਨੌਜਵਾਨ ਲੜਕੀਆਂ ਨੂੰ ਧਰਤੀ ਹਰੀ ਭਰੀ ਅਤੇ ਸਾਫ ਰਖਣ ਲਈ ਆਖਿਆ।ਉਹਨਾਂ ਕਿਹਾ ਕਿ ਜੇਕਰ ਅਸੀਂ ਚੰਗੀ ਜਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦਰੱਖਤਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਸਮੂਹ ਹਾਜ਼ਰੀਨ ਨੇ ਕਾਲਜ ਅਤੇ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਿਆ ਭਰਿਆ ਰੱਖਣ ਲਈ ਸੁਹੰ ਵੀ ਚੁੱਕੀ।ਵਿਦਿਆਰਥਣਾਂ ਵੱਲੋਂ ਦਿਲ ਨੂੰ ਛੂਹ ਜਾਣ ਵਾਲੀ ਸਕਿਟ ਪੇਸ਼ ਕੀਤੀ ਗਈ। ਕਾਲਜ ਦੀ ਵਾਤਾਵਰਣ ਸੁਸਾਇਟੀ ਦੀ ਸਥਾਪਨਾ ਕੀਤੀ ਗਈ।ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਹਿਲਾ ਸਥਾਨ: ਕਾਜਲ, ਬੀ.ਏ-।।
ਦੂਜਾ ਸਥਾਨ: ਆਂਚਲ ਗੁਪਤਾ, ਬੀ.ਐਸ.ਸੀ - ।।।
ਤੀਜਾ ਸਥਾਨ: ਹਰਮਨ ਕੌਰ, ਬੀ.ਕਾਮ-।
ਹੌਸਲਾ ਵਧਾਊ ਪੁਰਸਕਾਰ: ਰੂਚੀਕਾ ਧੀਮਾਨ
ਸਮਾਗਮ ਦੇ ਅੰਤ ਵਿੱਚ ਬਾਟਨੀ ਵਿਭਾਗ ਦੇ ਮੁਖੀ ਡਾ. ਮੰਜੂ ਸਾਹਨੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Sunday, August 13, 2017

ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦਾ ਤੀਜਾ ਇਜਲਾਸ

 ਅਜਲਾਸ ਵਿੱਚ ਮੌਜੂਦਾ ਮਸਲਿਆਂ ਬਾਰੇ ਵੀ ਹੋਈ ਵਿਸਥਾਰਤ ਚਰਚਾ 
ਲੁਧਿਆਣਾ:13 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਤਾਜਪੁਰ ਰੋਡ ਤੇ ਸਥਿਤ ਸਲੰਮ ਇਲਾਕੇ ਵਿੱਚ ਇੱਕ ਸ਼ਾਨਦਾਰ ਵਰਤਾਰਾ ਅਜਿਹਾ ਵੀ ਹੋ ਰਿਹਾ ਹੈ ਜਿਸਤੋਂ ਵਿਕਸਿਤ ਅਤੇ ਅਮੀਰ ਇਲਾਕਿਆਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਇਥੇ ਮਜ਼ਦੂਰਾਂ ਨੇ ਇੱਕ ਲਾਇਬ੍ਰੇਰੀ ਬਣਾਈ ਹੈ ਇੱਕ ਇੱਕ ਪੈਸੇ ਆਪਣੇ ਹੀ ਸਾਥੀਆਂ ਕੋਲੋਂ ਇਕੱਤਰ ਕਰਕੇ। ਇਸਨੂੰ ਦੇਖਣ ਦੀ ਤਮੰਨਾ ਪੂਰੀ ਹੋਈ ਅੱਜ 13 ਅਗਸਤ ਵਾਲੇ ਦਿਨ। ਗਰਮੀ ਬਹੁਤ ਜ਼ਿਆਦਾ ਸੀ ਪਰ ਇਥੇ ਹੋ ਰਹੇ ਮਜ਼ਦੂਰ ਇਕੱਠ ਨੂੰ ਦੇਖ ਕੇ ਗਰਮੀ ਵੀ ਭੁੱਲ ਗਈ ਅਤੇ ਬੁਖਾਰ ਵੀ। ਇਸ ਲਾਇਬ੍ਰੇਰੀ ਵਿੱਚ ਲੱਗੇ ਸੁਨੇਹੇ ਜ਼ਬਰਦਸਤ ਹਨ। ਇੱਕ ਸੁਨੇਹਾ ਬਹੁਤ ਹੀ ਆਤਮਵਿਸ਼ਵਾਸ ਵਾਲਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣਗੇ ਇਸੇ ਸਦੀ ਵਿੱਚ। ਅੱਜ ਵੀ ਇਥੇ ਇਹਨਾਂ ਸੁਪਨਿਆਂ ਨੂੰ ਸਾਕਾਰ ਹੋਣ ਦੀਆਂ ਵਿਚਾਰਾਂ ਹੋਈਆਂ। 
ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਤੀਜਾ ਡੈਲੀਗੇਟ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ 50 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਜਲਾਸ ਵਿੱਚ ਸ਼ਾਮਿਲ ਹੋਏ ਡੈਲੀਗੇਟਾਂ ਨੇ ਜੱਥੇਬੰਦੀ ਦੇ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਆਗੂ ਕਮੇਟੀ ਦੀ ਚੋਣ ਕੀਤੀ। 11 ਮੈਂਬਰੀ ਕਮੇਟੀ ਨੇ ਰਾਜਵਿੰਦਰ ਨੂੰ ਪ੍ਰਧਾਨ, ਤਾਜ਼-ਮੁਹੰਮਦ ਨੂੰ ਉਪ-ਪ੍ਰਧਾਨ, ਵਿਸ਼ਵਨਾਥ ਨੂੰ ਜਨਰਲ ਸੈਕਟਰੀ, ਰਾਮ ਸੇਵਕ ਨੂੰ ਸੈਕਟਰੀ, ਬਲਜੀਤ ਤੇ ਛੋਟੇਲਾਲ ਨੂੰ ਖਜ਼ਾਨਚੀ, ਘਣਸ਼ਿਆਮ, ਰਾਮ ਸਿੰਘ, ਗੁਰਦੀਪ, ਧਰਮਿੰਦਰ ਤੇ ਪ੍ਰਮੋਦ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਯੂਨਿਅਨ ਦੇ ਪ੍ਰਧਾਨ ਲਖਵਿੰਦਰ ਵੱਲੋਂ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਯੂਨਿਅਨ ਦੀਆਂ ਪ੍ਰਾਪਤੀਆਂ ਤੇ ਕਮੀਆਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਕੰਮਾਂ ਉੱਤੇ ਨੁਕਤਾਵਾਰ ਗੱਲ ਰੱਖੀ ਗਈ। ਇਸ ਤੋਂ ਬਾਅਦ ਇਜਲਾਸ ਵਿੱਚ ਸ਼ਾਮਿਲ ਡੈਲੀਗੇਟਾਂ ਨੇ ਰਿਪੋਰਟ ਤੇ ਭਰਵੀਂ ਵਿਚਾਰ-ਚਰਚਾ ਕੀਤੀ।
ਸ਼ਾਮ ਨੂੰ ਹੋਈ ਮਜ਼ਦੂਰ ਸਭਾ ਵਿੱਚ ਯੂਨਿਅਨ ਦੀ ਨਵੀਂ ਆਗੂ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਸਮੇਂ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦੇ ਪ੍ਰਧਾਨ ਰਾਜਵਿੰਦਰ ਨੇ ਗੱਲ ਰਖਦੇ ਹੋਏ ਸਰਕਾਰ ਦੀਆਂ ਮਜ਼ਦੂਰ-ਗਰੀਬ ਵਿਰੋਧੀ ਨੀਤੀਆਂ ਦੀ ਨਿੰਦਿਆ ਕੀਤੀ। ਉਹਨਾਂ ਨੇ ਜੀ.ਐਸ.ਟੀ. ਕਾਰਨ ਟੈਕਸਟਾਇਲ- ਹੌਜ਼ਰੀ ਮਜ਼ਦੂਰਾਂ ਵਿੱਚ ਫੈਲ ਰਹੀ ਬੇਰੋਜ਼ਗਾਰੀ ਉੱਤੇ ਚਿੰਤਾ ਜ਼ਾਹਿਰ ਕੀਤੀ । ਸਭਾ ਵਿੱਚ ਛੋਟੇਲਾਲ,ਘਣਸ਼ਿਆਮ ਤੇ ਬਲਜੀਤ ਨੇ ਵੀ ਗੱਲ ਰੱਖੀ। ਬੁਲਾਰਿਆਂ ਨੇ ਕਿਰਤ-ਕਨੂੰਨਾਂ ਵਿੱਚ ਸੋਧਾਂ ਵਾਪਿਸ ਕਰਵਾਉਣ ਤੇ ਕਾਰਖਾਨਿਆਂ ਵਿੱਚ ਸਖ਼ਤੀ ਨਾਲ ਕਿਰਤ-ਕਨੂੰਨ ਲਾਗੂ ਕਰਵਾਉਣ ਲਈ ਮਜ਼ਦੂਰ ਜਮਾਤ ਦੀ ਵਿਸ਼ਾਲ ਲਾਮਬੰਦੀ ਕਰਨ ਤੇ ਜ਼ੋਰ ਦਿੱਤਾ।
ਇਸ ਸਮੇਂ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ। ਮੰਚ-ਸੰਚਾਲਨ ਤਾਜ ਮੁਹੰਮਦ ਨੇ ਕੀਤਾ। 
ਜੇ ਤੁਸੀਂ ਕਿਰਤੀਆਂ ਦੀ ਇਹ ਥਾਂ ਅਜੇ ਤੱਕ ਨਹੀਂ ਦੇਹੀ ਤਾਂ ਤੁਹਾਡੀ ਹਰ ਤੀਰਥ ਯਾਤਰਾ ਅਧੂਰੀ ਹੈ। ਇਸ ਲਈ ਕਿਸੇ ਵੇਲੇ ਵੀ ਉਚੇਚਾ ਸਮਾਂ ਕੱਢੋ ਅਤੇ ਇਸ ਥਾਂ ਨੂੰ ਜ਼ਰੂਰ ਦੇਖੋ। 

Thursday, August 10, 2017

ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ "ਲੋਕ ਮੀਡੀਆ ਮੰਚ" ਵੱਲੋਂ ਹੋਈ ਚਰਚਾ

ਪੱਤਰਕਾਰਾਂ ਦੇ ਆਰਥਿਕ ਸੋਮੇ ਵਧਾਉਣ ਲਈ ਬਣੇਗੀ ਵਿਸ਼ੇਸ਼ ਕਾਰਜ ਯੋਜਨਾ 
ਲੁਧਿਆਣਾ: 10 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
"ਲੋਕ ਮੀਡੀਆ ਮੰਚ" ਵੱਲੋਂ "ਪੱਤਰਕਾਰਾਂ 'ਤੇ ਆਰਥਿਕ ਦਬਾਅ" ਬਾਰੇ ਕਰਾਏ ਗਏ ਸੈਮੀਨਾਰ ਵਿੱਚ ਇਸ ਦਬਾਅ ਦੇ ਕਈ ਪਹਿਲੂਆਂ ਬਾਰੇ ਸੰਖੇਪ ਵਿੱਚ ਚਰਚਾ ਹੋਈ। ਇਸ ਵਿਚਾਰ ਚਰਚਾ ਵਿੱਚ ਕਈ ਬੁਧੀਜੀਵੀਆਂ ਅਤੇ ਪੱਤਰਕਾਰਾਂ ਨੇ ਸਰਗਰਮ ਭਾਗ ਲਿਆ। ਸੈਮੀਨਾਰ ਵਿੱਚ ਪੱਤਰਕਾਰਿਤਾ ਨਾਲ ਸਬੰਧਿਤ ਇਸ ਆਰਥਿਕ ਸੰਕਟ ਦੇ ਅਤੀਤ ਅਤੇ ਮੌਜੂਦਾ ਸਮੇਂ ਦੇ ਰੂਪਾਂ ਦੀ ਚਰਚਾ ਵੀ ਕੀਤੀ ਗਈ। ਆਖਿਰ ਕਿਉਂ ਬਹੁਤ ਸਾਰੇ ਪੱਤਰਕਾਰ//ਕਲਮਕਾਰ ਆਰਥਿਕ ਹਾਲਤਾਂ ਕਰਕੇ ਖ਼ੁਦਕੁਸ਼ੀ ਕਰ ਗਏ? ਆਖਿਰ ਕਿਓਂ ਬਹੁਤ ਸਾਰੇ ਕਲਮਕਾਰਾਂ ਨੂੰ ਵੇਲੇ ਸਿਰ ਇਲਾਜ ਮੁਹਈਆ ਨਹੀਂ ਕਰਾਇਆ ਜਾ ਸਕਿਆ? ਆਖਿਰ ਕਿਓਂ ਸਾਰੇ ਪੱਤਰਕਾਰਾਂ ਦੀ ਆਰਥਿਕ ਹਾਲਤ ਵਿੱਚ ਮਿਸਾਲੀ ਸੁਧਾਰ ਨਹੀਂ ਆ ਸਕਿਆ? ਜਿਹਨਾਂ ਦੀ ਜ਼ਿੰਦਗੀ ਵਿੱਚ ਜੇ ਕੁਝ ਕੁ ਆਰਥਿਕ ਸੁਧਾਰ ਆਇਆ ਵੀ ਤਾਂ ਉਹਨਾਂ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਣਾ ਇੱਕ ਰਿਵਾਜ ਕਿਓਂ ਬਣ ਗਿਆ? 
ਜੰਗ ਦੇ ਮੈਦਾਨਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਕੁਰਬਾਨੀਆਂ ਕਿਓਂ ਨਹੀਂ ਲੋਕਾਂ ਸਾਹਮਣੇ ਆ ਸਕੀਆਂ? ਖਤਰਨਾਕ ਬਿਮਾਰੀਆਂ ਦੇ ਪ੍ਰਭਾਵਾਂ ਵਾਲੇ ਇਲਾਕਿਆਂ ਵਿੱਚ ਜਾ ਕੇ ਖੋਜ ਪੂਰਨ ਰਿਪੋਰਟਾਂ ਕੱਢ ਕੇ ਲਿਆਉਣ ਦਾ ਖਤਰਿਆਂ ਭਰਿਆ ਕੰਮ ਅਕਸਰ ਨਜ਼ਰ ਅੰਦਾਜ਼ ਕਿਓਂ ਹੁੰਦਾ ਰਿਹਾ? ਸਿਰਫ ਸੱਚ ਲਿਖਣ ਜਾਂ ਬੋਲਣ ਕਾਰਣ ਕਿਸੇ ਨ ਕਿਸੇ ਬਾਹੂਬਲੀ ਦੀ ਦੁਸ਼ਮਣੀ ਦਾ ਸ਼ਿਕਾਰ ਹੋਏ ਪੱਤਰਕਾਰਾਂ ਨੂੰ ਕਦੇ ਇਨਸਾਫ ਮਿਲ ਸਕਿਆ? ਖੁਦ ਨੂੰ ਨਿੱਤ ਕਿਸੇ ਖਤਰੇ ਵਿੱਚ ਪਾ ਕੇ ਸੱਚ ਲੱਭ ਕੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਲੱਗੀ ਆਰਥਿਕ ਸੰਕਟਾਂ ਦੇ ਘੁਣ ਨੇ ਸਮੇਂ ਤੋਂ ਪਹਿਲਾਂ ਹੀ ਸਾਡੇ ਕੋਲੋਂ ਖੋਹ ਲਿਆ। ਆਖਿਰ ਕੀ ਹੈ ਇਸ ਮਸਲੇ ਦਾ ਹੱਲ? 
ਮਹਿਸੂਸ ਕੀਤਾ ਗਿਆ ਕਿ ਜਦੋਂ ਮੀਡੀਆ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹਾਂ ਬਹੁਤ ਹੀ ਘੱਟ ਹੁੰਦੀਆਂ ਸਨ ਉਦੋਂ ਵੀ ਇਹ ਸੰਕਟ ਮੌਜੂਦ ਸੀ ਅਤੇ ਹੁਣ ਜਦੋਂ ਕਿ ਤਨਖਾਹਾਂ ਬਹੁਤ ਵੱਧ ਗਈਆਂ ਹਨ ਹੁਣ ਵੀ ਇਹ ਸੰਕਟ ਮੌਜੂਦ ਹੈ। ਪੱਤਰਕਾਰੀ ਦੇ ਮੌਜੂਦਾ ਦੌਰ ਵਿੱਚ ਜਿੱਥੇ ਤਕਨੀਕੀ ਵਿਕਾਸ ਨੇ ਇਸਦੀ ਤੇਜ਼ ਰਫ਼ਤਾਰੀ ਅਤੇ ਛਪਾਈ ਵਰਗੀਆਂ ਖੂਬੀਆਂ ਨੂੰ ਹੈਰਾਨੀਜਨਕ ਹੱਦ ਤੱਕ ਵਿਕਸਿਤ ਕੀਤਾ ਹੈ ਉੱਥੇ ਆਰਥਿਕ ਸੰਕਟ ਦੀਆਂ ਮੌਜੂਦਾ ਹਾਲਤਾਂ  ਨੇ ਕਲਮੀ ਆਜ਼ਾਦੀ, ਸੋਚ ਦੀ ਸੁਤੰਤਰਤਾ ਅਤੇ ਖਿਆਲਾਂ ਦੀ ਉਡਾਣ ਉੱਤੇ ਮਾੜਾ ਅਸਰ ਵੀ ਪਾਇਆ ਹੈ। 
ਬਹੁਤ ਹੀ ਚੰਗੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਗਏ ਬੀਟ ਸਿਸਟਮ ਦਾ ਇੱਕ ਸਾਈਡ ਇਫੈਕਟ ਇਹ ਵੀ ਹੋਇਆ ਕਿ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਬੀਟ ਵਾਲੇ ਪੱਤਰਕਾਰਾਂ ਨੂੰ "ਆਪਣਾ ਆਪਣਾ ਬੰਦਾ" ਸਮਝਣਾ ਸ਼ੁਰੂ ਕਰ ਦਿੱਤਾ। ਸਿਆਸੀ ਲੀਡਰਾਂ ਦੀ ਇਸ ਸਿਆਸੀ ਨਜ਼ਰ ਤੋਂ ਸਿਰਫ ਉਹੀ ਪੱਤਰਕਾਰ ਖੁਦ ਨੂੰ ਬਚਾ ਸਕੇ ਜਿਹਨਾਂ ਨੇ ਵਿਚਾਰਾਂ ਦੀ ਮਿਸ਼ਾਲ ਨੂੰ ਰੌਸ਼ਨ ਰੱਖਿਆ ਅਤੇ ਕਿਸੇ ਵੀ ਤਰ੍ਹਾਂ ਆਰਥਿਕ ਸੰਕਟ ਨੂੰ ਆਪਣੀ ਜ਼ਿੰਦਗੀ 'ਤੇ ਅਸਰ ਅੰਦਾਜ਼ ਨਹੀਂ ਹੋਣ ਦਿੱਤਾ।  ਲਾਲਚਾਂ ਅਤੇ ਗਰਜ਼ਾਂ ਤੋਂ ਮੁਕਤ ਰਹਿ ਕੇ ਸਿਰਫ ਵਿਚਾਰਾਂ ਦੇ ਪ੍ਰਗਟਾਵੇ ਨੂੰ ਸਮਰਪਿਤ ਰਹੇ ਕਲਮ ਦੇ ਇਹਨਾਂ ਸਿਪਾਹੀਆਂ ਨੇ ਹੀ ਹਵਾ ਦੇ ਉਲਟ ਤੁਰਨ ਦਾ ਖਤਰਾ ਉਠਾਇਆ ਅਤੇ ਖਬਰਾਂ ਦੇ ਮਾਮਲੇ ਵਿੱਚ ਨਵਾਂ ਇਤਿਹਾਸ ਸਿਰਜਿਆ। 
ਅੱਜ ਦੇ ਇਸ ਵਿਚਾਰ ਵਟਾਂਦਰੇ ਦੌਰਾਨ ਆਨਲਾਈਨ ਮੀਡੀਆ ਦੇ ਮਜ਼ਬੂਤ ਹੋਣ ਵਾਲੇ ਰੁਝਾਣ ਨੂੰ ਵੀ ਜੀਅ ਆਇਆਂ ਕਿਹਾ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਸਬੰਧੀ ਪੈਦਾ ਹੋ ਰਹੇ ਖਤਰਿਆਂ ਦੀ ਚਰਚਾ ਕਰਦਿਆਂ ਨਵੇਂ ਨਵੇਂ ਤਕਨੀਕੀ ਵਿਕਾਸ ਅਤੇ ਇਸਦੇ ਫਾਇਦਿਆਂ ਬਾਰੇ ਵੀ ਦੱਸਿਆ। ਦੀਪ ਜਗਦੀਪ ਸਿੰਘ ਨੇ ਆਰਥਿਕ ਦਬਾਅ ਦੇ ਮੌਜੂਦਾ ਦੌਰ ਵਾਲੇ ਰੂਪਾਂ ਦੀ ਵੀ ਚਰਚਾ ਕੀਤੀ। 
ਆਨਲਾਈਨ ਚੈਨਲ ਚਲਾ ਰਹੇ ਪ੍ਰਦੀਪ ਸਿੰਘ ਅਤੇ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਲੋਕਾਂ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਲਈ ਦਿਨ ਲੱਗੇ ਰਹਿੰਦੇ ਹਨ। 
ਇਸ ਸਮੱਸਿਆ ਵਰਗੇ ਕਈ ਮਸਲਿਆਂ ਦੇ ਕਿਸੇ ਸਥਾਈ ਹੱਲ ਲਈ ਇੱਕ ਵਿਸ਼ੇਸ਼ ਯੋਜਨਾ ਬਾਰੇ ਵੀ ਵਿਚਾਰ ਹੋਇਆ ਜਿਸ ਅਧੀਨ ਪੱਤਰਕਾਰਾਂ 'ਤੇ ਵੱਧ ਰਹੇ ਆਰਥਿਕ ਦਬਾਅ ਨੂੰ ਦੂਰ ਕਰਨ ਲਈ ਅਮਲੀ ਤੌਰ ਤੇ ਵੀ ਬਹੁਤ ਕੁਝ ਕੀਤਾ ਜਾਏਗਾ। ਮੀਡੀਆ ਦੀ ਬੇਹਤਰੀ ਅਤੇ ਖੁਸ਼ਹਾਲੀ ਲਈ "ਦ ਪੀਪਲਜ਼ ਮੀਡੀਆ ਲਿੰਕ" ਦੀ ਇੱਕੀ ਮੈਂਬਰੀ ਐਡਹਾਕ ਕਮੇਟੀ ਵੀ ਬਣਾਈ ਗਈ।  ਇਸ ਕਮੇਟੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਦੀਪ ਜਗਦੀਪ, ਯੂ ਕੇ ਸ਼ਾਰਦਾ, ਜਸਵੰਤ ਜੀਰਖ,  ਪ੍ਰਦੀਪ ਸ਼ਰਮਾ ਇਪਟਾ, ਐਮ ਐਸ ਭਾਟੀਆ, ਰਮੇਸ਼ ਰਤਨ,  ਅਨੀਤਾ ਸ਼ਰਮਾ, ਕਾਰਤਿਕਾ ਸਿੰਘ, ਸ਼ੀਬਾ ਸਿੰਘ, ਸਤੀਸ਼ ਸਚਦੇਵਾ, ਡਾਕਟਰ ਭਾਰਤ, ਗੁਰਮੇਲ ਸਿੰਘ ਮੈਂਡਲੇ, ਅਰੁਣ ਕੌਸ਼ਲ, ਪ੍ਰਦੀਪ ਸਿੰਘ, ਵਾਹਿਗੁਰੂ ਪਾਲ ਸਿੰਘ ਅਤੇ ਰੈਕਟਰ ਕਥੂਰੀਆ ਦੇ ਨਾਮ ਵੀ ਸ਼ਾਮਿਲ ਹਨ। ਇਹ ਕਮੇਟੀ ਜਿੱਥੇ ਮੀਡੀਆ ਦੀ ਬੇਹਤਰੀ ਅਤੇ ਇੱਕਜੁੱਟਤਾ ਦਾ ਮਾਹੌਲ ਤਿਆਰ ਕਰੇਗੀ ਉੱਥੇ ਪੱਤਰਕਾਰਾਂ ਦੇ ਆਰਥਿਕ ਸੋਮਿਆਂ ਦੀ ਤਲਾਸ਼ ਅਤੇ ਇਹਨਾਂ ਦੇ ਪ੍ਰਬੰਧਾਂ ਵਾਲੇ ਪਾਸੇ ਵੀ ਸਰਗਰਮੀ ਨਾਲ ਕੰਮ ਕਰੇਗੀ ਤਾਂ ਕਿ ਲੋਕ ਪੱਖੀ ਮੀਡੀਆ ਨੂੰ ਲੋਕ ਪੱਖੀ ਸਾਧਨਾਂ ਨਾਲ ਹੀ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮਕਸਦ ਲਈ ਮੀਡੀਆ ਸੰਸਥਾਨਾਂ ਦੇ ਸੰਚਾਲਕਾਂ ਅਤੇ ਸਬੰਧਿਤ ਵਿਭਾਗਾਂ ਤੱਕ ਵੀ ਪਹੁੰਚ ਕੀਤੀ ਜਾਏਗੀ ਤਾਂਕਿ ਇਸ ਮਕਸਦ ਲਈ ਹੋਰ ਬੇਹਤਰ ਰਸਤੇ ਲੱਭੇ ਜਾ ਸਕਣ।   

Wednesday, August 09, 2017

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿੱਚ ਤੀਜ

Wed, Aug 9, 2017 at 4:37 PM
ਮੁੱਖ ਮਹਿਮਾਨ ਵੱਜੋਂ ਪੁੱਜੇ ਬਾਲੀਵੁੱਡ ਗਾਇਕ ਕਮਲ ਖ਼ਾਨ ਅਤੇ ਵਨੀਤ ਖ਼ਾਨ
ਲੁਧਿਆਣਾ:  9 ਅਗਸਤ 2017 (ਪੰਜਾਬ ਸਕਰੀਨ ਬਿਊਰੋ):: 
ਸਾਵਣ ਸ ਮਹੀਨਾ ਲੰਘ ਰਿਹਾ ਹੈ ਅਤੇ ਇਸਦੇ ਨਾਲ ਹੀ ਜਾ ਰਿਹਾ ਹੈ ਤਨਾਂ ਅਤੇ ਮਨਾਂ ਨੂੰ ਹੁਲਾਰੇ ਦੇਂਦੀਆਂ ਪੀਂਘਾਂ ਵਾਲਾ ਤਿਓਹਾਰ ਤੀਜ। ਇਸ ਵਾਰ ਵੀ ਵੱਖ ਥਾਵਾਂ ਤੇ ਤੀਜ  ਦੇ ਆਯੋਜਨਾਂ ਨੇ ਇਤਿਹਾਸ ਰਚਿਆ। ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿੱਚ ਵੀ ਅੱਜ ਭਾਰੀ ਰੌਣਕਾਂ ਸਨ। ਕਾਲਜ ਦੇ ਗੇਟ ਤੇ ਉਡੀਕ ਹੋ ਰਹੀ ਸੀ ਮੁੱਖ ਮਹਿਮਾਨਾਂ ਦੀ ਉਡੀਕ ਅਤੇ ਕਾਲਜ ਦੇ ਅੰਦਰ ਚੱਲ ਰਿਹਾ ਸੀ ਸੱਭਿਆਚਾਰਕ ਪ੍ਰੋਗਰਾਮ ਜਿਸਦਾ ਮੰਚ ਸੰਚਾਲਨ ਪ੍ਰੋਫੈਸਰ ਗੁਰਵਿੰਦਰ ਕੌਰ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਕਰ ਰਹੀ ਸੀ। 
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿੱਚ ਅੱਜ ਸਭਿਆਚਾਰਕ ਰੰਗਤ ਬਿਖੇਰਦਾ ਸਾਉਣ ਮਹੀਨੇ ਦੀਆਂ ਖ਼ੁਸ਼ੀਆਂ ਅਤੇ ਖੇੜਿਆ ਦਾ ਪ੍ਰਤੀਕ ਤਿਉਹਾਰ ‘ਤੀਆਂ ਤੀਜ ਦੀਆਂ’ ਅਤੇ ‘ਮਿਸ ਫਰੈਸ਼ਰ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋ ਪੰਜਾਬੀ ਬਾਲੀਵੁੱਡ ਗਾਇਕ ਕਮਲ ਖ਼ਾਨ ਅਤੇ ਵਨੀਤ ਖ਼ਾਨ ਨੇ ਸਿਰਕਤ ਕੀਤੀ ਅਤੇ ਆਪਣੀ ਗਾਇਕੀ ਨਾਲ ਸਮਾਗਮ ਦੀ ਰੌਣਕ ਨੂੰ ਨਵੀ ਨੁਹਾਰ ਦਿੱਤੀ।
ਸਮਾਗਮ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ਜੀ ਅਤੇ ਸੱਕਤਰ ਸ. ਕੰਵਲਇੰਦਰ ਸਿੰਘ ਜੀ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ  ਕੀਤਾ। ਇਸ ਸਮੇ ‘ਤੇ ਕਾਲਜ ਵਿਦਿਆਰਥਣਾਂ ਨੇ ਗੀਤ-ਸੰਗੀਤ ਅਤੇ ਨ੍ਰਿਤ ਦੀਆਂ ਵਿਭਿੰਨ ਪੇਸ਼ਕਾਰੀਆਂ ਨਾਲ ਰੰਗ ਬੰਨਿਆ। ਸਮਾਗਮ ਦਾ ਮੁੱਖ ਆਕਰਸ਼ਣ ‘ਤੀਆਂ ਤੀਜ ਦੀਆਂ' ਅਤੇ ‘ਮਿਸ ਫਰੈਸ਼ਰ’ ਦੇ ਮੁਕਾਬਲੇ ਰਹੇ। ਦਿਵਿਆ ਨੂੰ ‘ਕੁੜੀ ਪੰਜਾਬਣ’, ਪਿੰਕੀ ਨੂੰ ‘ਕੁੜੀ ਮਜਾਜਣ’ ਅਤੇ  ਰੇਖਾ ਨੂੰ ‘ਤੀਆਂ ਦੀ ਰਾਣੀ’ ਦਾ ਖਿਤਾਬ  ਦਿੱਤਾ ਗਿਆ। ‘ਮਿਸ ਫਰੈਸ਼ਰ’ ਮੁਕਾਬਲੇ ਵਿੱਚ ਕਾਜਲ  ‘ਮਿਸ ਫਰੈਸ਼ਰ’ ਬਣੀ ਗਰੀਮਾ ਨੇ ਫਸਟ ਰਨਰਅੱਪ ਤੇ ਮਨਪ੍ਰੀਤ ਕੌਰ ਨੇ ਸੈਕਿੰਡ ਰਨਰਅੱਪ ਅਤੇ ਗੁਰਜੋਤ ਕੌਰ ਤੇ ਪੂਰਨੀਮਾ ਨੇ ਮਿਸ ਚਾਰਮਿੰਗ ਅਤੇ ਮਿਸ ਡੈਜ਼ਲਰ ਦਾ ਖਿਤਾਬ ਹਾਸਲ ਕੀਤਾ।
ਸਮਾਰੋਹ ਵਿੱਚ ਮੀਢੀਆਂ ਗੁੰਦਣ, ਸੋਹਣੀ ਪੰਜਾਬੀ ਜੁੱਤੀ, ਸੋਹਣੀਆਂ ਚੂੜੀਆਂ, ਸੋਹਣਾ ਪਰਾਂਦਾ ਅਤੇ ਮਹਿੰਦੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਕਾਲਜ  ਪ੍ਰਿੰਸੀਪਲ ਡਾ. ਸ਼੍ਰੀਮਤੀ ਕਿਰਨਦੀਪ ਕੌਰ ਜੀ ਨੇ ਵਿਦਿਆਰਥਣਾਂ ਅਤੇ ਮਹਿਮਾਨਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ  ਉਹਨਾ ਨੂੰ ਪ੍ਰੇਰਣਾ ਦਿੰਦੇ ਹੋਏ ਸੱਭਿਆਚਾਰਕ ਵਿਰਸੇ ਨੂੰ ਸੰਜੋਅ ਕੇ ਰੱਖਣ ਲਈ ਕਿਹਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਸੱਭਿਆਚਾਰਕ ਦਿੱਖ, ਖੁਸ਼ੀਆਂ ਅਤੇ ਹੁਲਾਸ ਨਾਲ ਭਰਿਆ ਤੀਆਂ ਦਾ ਇਹ ਮੇਲਾ ਅਗਲੇ ਵਰ੍ਹੇ ਫੇਰ ਮਿਲਣ ਤੇ ਖੁਸ਼ੀਆਂ ਮਨਾਉਣ ਦੇ ਵਾਅਦੇ ਨਾਲ ਸੰਪੰਨ ਹੋਇਆ।
  

Monday, August 07, 2017

ਚੋਟੀ ਕੱਟਣ ਦੀਆਂ ਘਟਨਾਵਾਂ ਵਿੱਚ ਮਾਨਸਿਕ ਅਤੇ ਘਰੇਲੂ ਕਾਰਣ ਸ਼ਾਮਲ

Sun, Aug 6, 2017 at 8:05 PM
ਤਰਕਸ਼ੀਲ ਸੋਸਾਇਟੀ ਨੇ ਕੀਤੀ ਮਾਮਲੇ ਦੀ ਪੂਰੀ ਘੋਖ ਪੜਤਾਲ 
ਫੋਟੋ ਜਨ ਪ੍ਰਹਰੀ ਤੋਂ ਧੰਨਵਾਦ ਸਹਿਤ 
ਲੁਧਿਆਣਾ: 6 ਅਗਸਤ (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਪਤਾ ਨਹੀਂ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਪਰ ਇਸ ਦੇਸ਼ ਦੀ ਆਤਮਾ ਨਹੀਂ ਜਾਗੀ। ਕਿੰਨੀਆਂ ਕੁੜੀਆਂ ਅਤੇ ਵਿਆਹੀਆਂ ਇਸਤਰੀਆਂ ਨੂੰ ਜਬਰਜਨਾਹ ਮਗਰੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਇਸ ਦੇਸ਼ ਦੀ ਜਨਤਾ ਵਿੱਚ ਕੋਈ ਬੇਚੈਨੀ ਨਹੀਂ ਹੋਈ। ਡਾ. ਨਰੇਂਦਰ ਦਾਭੋਲਕਰ ਵਰਗੇ ਬੁਧੀਜੀਵੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਸਾਡਾ ਸਮਾਜ ਨਹੀਂ ਜਾਗਿਆ। ਹੁਣ ਚੋਟੀ ਕੱਟੇ ਜਾਣ ਦੀਆਂ ਕਥਿਤ ਘਟਨਾਵਾਂ ਵਾਲੀਆਂ ਅਫਵਾਹਾਂ ਨੇ ਪੜ੍ਹੇ ਲਿਖੇ ਲੋਕਾਂ ਨੂੰ ਡੈਣਾਂ ਦੀ ਮੌਜੂਦਗੀ ਦਾ ਅਹਿਸਾਸ ਵੀ ਕਰ ਦਿੱਤਾ ਹੈ। ਆਗਰਾ ਨੇੜੇ ਫਤੇਹਾਬਾਦ 'ਚ ਤਾਂ ਰਸਤਾ ਭਟਕੀ ਇੱਕ ਬਜ਼ੁਰਗ ਪਰ ਦਲਿਤ ਔਰਤ ਨੂੰ ਇਸਦਾ ਜ਼ਿੰਮੇਵਾਰ ਆਖ ਕੇ ਮੌਤ ਦੇ ਘਾਟ ਉਤਾਰਨ ਵਰਗਾ ਸ਼ਰਮਨਾਕ ਕਾਰਾ ਵੀ ਕੀਤਾ ਜਾ ਚੁੱਕਿਆ ਹੈ। ਸ਼ੱਕ ਹੋਣ ਲੱਗ ਪਿਆ ਹੈ ਕਿ ਕਿਤੇ ਕਿਸੇ ਵਰਗ ਵਿਸ਼ੇਸ਼ ਨੂੰ ਇਸ ਬਹਾਨੇ ਸਮੂਹਿਕ ਨਿਸ਼ਾਨਾ ਬਣਾਏ ਜਾਨ ਦੀ ਕੋਈ ਸਾਜ਼ਿਸ਼ ਤਾਂ ਨਹੀਂ ਚੱਲ ਰਹੀ? ਤਰਕਸ਼ੀਲ ਸੋਸਾਇਟੀ ਪੰਜਾਬ ਨੇ ਇਹਨਾਂ ਘਟਨਾਵਾਂ ਬਾਰੇ ਪੂਰੀ ਘੋਖ ਪੜਤਾਲ ਕੀਤੀ ਹੈ। 
ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੀ ਮੀਟਿੰਗ ਅੱਜ ਜਥੇਬੰਦਕ ਮੁਖੀ ਜਸਵੰਤ ਜੀਰਖ਼ ਦੀ ਪ੍ਰਧਾਨਗੀ ਹੇਠ ਗਦਰੀ ਸ਼ਹੀਦ ਬਾਬਾ ਭਾਨ ਯਾਦਗਾਰ ਸੁਨੇਤ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨਾਂ ਤੋਂ ਵੱਖ ਵੱਖ ਸੂਬਿਆਂ ਰਾਜਸਥਾਨ, ਹਰਿਆਣਾ, ਯੂ ਪੀ, ਦਿੱਲੀ ਅਤੇ ਪੰਜਾਬ ਆਦਿ ਵਿੱਚ ਔਰਤਾਂ ਦੀ ਚੋਟੀ ਕੱਟੇ (ਵਾਲ ਕੱਟਣ) ਜਾਣ ਦੀਆਂ ਘਟਨਾਵਾਂ ਦੀ ਵਿਗਿਆਨਿਕ ਨਜ਼ਰੀਏ ਤੋਂ ਚਰਚਾ ਕੀਤੀ ਗਈ। ਚਰਚਾ ਦੌਰਾਨ ਇਹ ਸਿੱਟਾ ਸਾਹਮਣੇ ਆਇਆ ਕਿ ਇਹਨਾਂ ਵੱਖ ਵੱਖ ਘਟਨਾਵਾਂ ਪਿੱਛੇ ਹਰ ਔਰਤ ਦਾ ਕੋਈ ਨਾ ਕੋਈ ਘਰੇਲੂ ਕਾਰਣ ਛੁਪਿਆ ਹੋਇਆ ਹੈ। ਹਰ ਪਰਿਵਾਰ ਦੀ ਪੜਤਾਲ ਦੌਰਾਨ ਇਹ ਕਾਰਣ ਲੱਭੇ ਜਾ ਸਕਦੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਅਨੇਕਾਂ ਮਾਮਲਿਆਂ ਨੂੰ ਹੱਲ ਕਰ ਚੁੱਕੀ ਹੈ ਅਤੇ ਹਰ ਘਟਨਾ ਕਿਸੇ ਨਾ ਕਿਸੇ ਘਰੇਲੂ ਸਮੱਸਿਆ ਜਾਂ ਮਾਨਸਿਕ ਕਾਰਣ ਨਾਲ ਜੁੜੀ ਪਾਈ ਜਾਂਦੀ ਰਹੀ ਹੈ। ਇਹਨਾਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇ ਕੇ ਭੂਤ, ਚੁੜੇਲ ਜਾ ਦੇਵੀ ਦੇਵਤੇ ਦੀ ਕਰੋਪੀ ਨਾਲ ਸੰਬੋਧਤ ਹੋਣਾ ਲੋਕਾਂ ਨਾਲ ਖਿਲਵਾੜ ਕਰਨ ਬਰਾਬਰ ਹੈ। ਮੀਡੀਆ ਨੂੰ ਇਹਨਾ ਘਟਨਾਵਾਂ ਨੂੰ ਕੋਈ ਤੂਲ ਨਹੀਂ ਦੇਣਾ ਚਾਹੀਦਾ। 
ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਡੀ ਗਿਣਤੀ ਮੰਦਰਾਂ ਵਿੱਚ ਗਣੇਸ਼ ਦੀਆਂ ਮੂਰਤੀਆਂ ਦਾ ਦੁੱਧ ਪੀਣਾ, ਤੋਰੀਆਂ ਦੀਆਂ ਵੇਲਾਂ ਦੇ ਪੱਤਿਆਂ ਅਤੇ ਸਿਵਜੀ ਦੀਆਂ ਮੂਰਤੀਆਂ ਤੇ ਸੱਪ ਦੀ ਤਸਵੀਰ ਬਣਨਾ,ਨਲਕੇ ਵਿਚੋਂ ਕਰਾਮਾਤੀ ਪਾਣੀ ਨਿਕਲਣਾ ਆਦਿ ਅਨੇਕਾਂ ਹੀ ਘਟਨਾਵਾਂ ਨੂੰ ਵਿਗਿਆਨਿਕ ਤੌਰ ਤੇ ਝੂਠਾ ਸਿੱਧ ਕੀਤਾ ਜਾ ਚੁੱਕਾ ਹੈ। ਇਹਨਾਂ ਘਟਨਾਵਾਂ ਵਿੱਚ ਇਕ ਗੱਲ ਹੋਰ ਵੀ ਵੇਖਣ ਵਾਲੀ ਹੈ ਕਿ ਕਿਸੇ ਵੀ ਥਾਂ ਤੇ ਪੁਰਸ਼ ਦੇ ਵਾਲ ਕੱਟਣ ਦੀ ਘਟਨਾ ਨਹੀਂ ਹੋਈ। ਸਾਰੀਆਂ ਹੀ ਘਟਨਾਵਾਂ ਔਰਤਾਂ ਨਾਲ ਸਬੰਧਤ ਹਨ। ਇਹ ਇਸ ਕਰਕੇ ਹੈ ਕਿਓਂਕਿ ਔਰਤ ਦੀ ਮਾਨਸਿਕਤਾ ਮਨੁੱਖ ਨਾਲ਼ੋਂ ਵੱਧ ਕਮਜ਼ੋਰ ਹੁੰਦੀ ਹੈ। ਅਜਿਹੀਆਂ ਘਟਨਾਵਾਂ ਦਾ ਆਰਥਿਕ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੇ ਲੋਕ ਵਿਰੋਧੀਆਂ ਵੱਲੋਂ ਲੋਕਾਂ ਦੀ ਲੁੱਟ ਕਰਨ ਦਾ ਦਾਅ ਅਸਾਨੀ ਨਾਲ ਲੱਗ ਜਾਂਦਾ ਹੈ। ਕਈ ਘਟਨਾਵਾਂ ਨੂੰ ਅੰਜਾਮ ਇਹਨਾਂ ਵੱਲੋਂ ਸੋਚੀ ਸਮਝੀ ਵਿਉੰਤਬੰਦੀ ਨਾਲ ਖ਼ੁਦ ਹੀ ਦਿੱਤਾ ਜਾਂਦਾ ਹੈ। ਇਸ ਘਟਨਾ ਬਾਅਦ ਵੀ ਲੋਕਾਂ ਵੱਲੋਂ ਕਈ ਤਾਂਤਰਿਕਾਂ ਤੇ ਜੋਤਸ਼ੀਆੰ ਵੱਲੋਂ ਤਵੀਜ ਅਤੇ ਲੌਕਟ ਆਿਦ ਲਿਆਕੇ ਆਪਣੇ ਵਾਲਾਂ ਜਾਂ ਸਰੀਰ ਦੇ ਹੋਰ ਹਿੱਸਿਆਂ 'ਚ ਬੰਨਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾੰ ਨਾਲ ਅੰਧਵਿਸ਼ਵਾਸ ਫੈਲਾਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਅਖੌਤੀ ਕਰਾਮਾਤੀ ਲੁਟੇਰਿਆਂ ਦੀ ਦੁਕਾਨ ਵੀ ਖ਼ੂਬ ਚਲਦੀ ਹੈ ਅਤੇ ਲੋਕਾਂ ਵਿੱਚ ਉਹਨਾਂ ਪ੍ਰਤੀ ਵਿਸ਼ਵਾਸ ਵੀ ਬਣਿਆ ਰਹਿੰਦਾ ਹੈ।
                ਮੀਟਿੰਗ ਵਿੱਚ ਡਾ. ਨਰੇਂਦਰ ਦਾਭੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹਫ਼ਤਾ (13 ਤੋਂ 20 ਅਗਸਤ) ਮਨਾ ਕੇ ਤਰਕਸ਼ੀਲ ਮੈਗਜ਼ੀਨ ਨੂੰ ਵੱਧ ਤੋਂ ਵੱਧ ਹੱਥਾਂ ਤੱਕ ਪਹੁਚਾਉਣ ਦਾ ਪ੍ਰੋਗਰਾਮ ਤਹਿ ਕੀਤਾ ਗਿਆਹੈ। ਸੈਮੀਨਾਰਾਂ ਦੀ ਲੜੀ ਜਾਰੀ ਰੱਖਦੇ ਹੋਏ 27 ਅਗਸਤ ਨੂੰ ਇਤਿਹਾਸਕ ਪਦਾਰਥਵਾਦ ਵਿਸ਼ੇ ਤੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਦੇ ਮੁੱਖ ਬੁਲਾਰੇ ਸ. ਹਰਚਰਨ ਸਿੰਘ ਬਰਨਾਲਾ ਹੋਣਗੇ। ਮੀਟਿੰਗ ਵਿੱਚ ਸਤੀਸ਼ ਕੁਮਾਰ ਸੱਚਦੇਵਾ, ਪ੍ਰੋ. ਏ ਕੇ ਮਲੇਰੀ, ਗੁਰਮੇਲ ਸਿੰਘ ਕਨੇਡਾ, ਮਾ. ਜਰਨੈਲ ਸਿੰਘ, ਸੁਖਿਵੰਦਰ ਲੀਲ, ਆਤਮਾ ਸਿੰਘ, ਦਲਜੀਤ ਸਿੰਘ, ਰਾਕੇਸ਼ ਆਜਾਦ, ਧਰਮਪਾਲ ਸਿੰਘ, ਰਣਜੋਧ ਸਿੰਘ ਲਲਤੋੰ ਅਤੇ ਕਈ  ਹੋਰ ਸ਼ਾਮਲ ਸਨ।  
ਇਸੇ ਦੌਰਾਨ ਤਰਕਸ਼ੀਲ ਏਡਾਮਰੂਕੁ ਨੇ ਬੀ ਬੀ ਸੀ ਨਾਲ ਇਸ ਮੁੱਦੇ ਉੱਤੇ ਗੱਲ ਬਾਤ ਕਰਦਿਆਂ ਦੱਸਿਆ ਹੈ ਕਿ ਇਹ ਮਾਸ "ਹਿਸਟੀਰੀਆ" ਜਾਂ "ਜਨ ਭਰਮ" ਦੀ ਇੱਕ ਬੇਹਤਰੀਨ ਮਿਸਾਲ ਹੈ। 

Sunday, August 06, 2017

"ਅਣੂ" ਸੈਮੀਨਾਰ ਨੇ ਯਾਦ ਕਰਾਇਆ ਮਿੰਨੀ ਕਹਾਣੀ ਦਾ ਸੁਨਹਿਰਾ ਯੁਗ

Sun, Aug 6, 2017 at 4:01 PM
ਫੇਸਬੁੱਕ ਕਿਸਮ ਦੇ ਸਾਈਬਰ ਕਰਾਈਮ ਦੀਆਂ ਗੰਭੀਰ ਗੱਲਾਂ ਵੀ ਛੋਹੀਆਂ ਗਈਆਂ
ਲੁਧਿਆਣਾ: 06 ਅਗਸਤ 2017:(ਪੰਜਾਬ ਸਕਰੀਨ ਬਿਊਰੋ)::
ਕੋਈ ਵੇਲਾ ਸੀ ਜਦੋਂ ਮਿੰਨੀ ਕਹਾਣੀ ਦੀ ਵੱਖਰੀ ਪਛਾਣ ਬਣ ਗਈ ਸੀ। ਇਸਨੂੰ ਸਥਾਪਤੀ ਲਈ ਜ਼ਰੂਰੀ ਸਮਝਿਆ ਜਾਂਦਾ ਸੀ। ਪੰਜਾਬੀ ਦੀਆਂ ਅਖਬਾਰਾਂ ਦੇ ਨਾਲ ਨਾਲ ਹਿੰਦੀ ਦੀਆਂ ਅਖਬਾਰਾਂ ਵੀ ਮਿੰਨੀ ਕਹਾਣੀ ਦੇ ਵਿਸ਼ੇਸ਼ ਅੰਕ ਛਾਪਦੀਆਂ ਸਨ। ਰੋਜ਼ਾਨਾ ਅਜੀਤ ਵਿੱਚ ਬਲਦੇਵ ਗਰੇਵਾਲ, ਅਕਾਲੀ ਪੱਤ੍ਰਿਕਾ ਵਿੱਚ ਗੁਰਬਖਸ਼ ਸਿੰਘ ਵਿਰਕ ਅਤੇ ਹਿੰਦੀ ਮਿਲਾਪ ਵਿੱਚ ਜਨਾਬ ਸਿਮਰ ਸਦੋਸ਼ ਹੁਰਾਂ ਨੇ ਇਸ ਪਾਸੇ ਖਾਸ ਯੋਗਦਾਨ ਪਾਇਆ। 
ਮਿੰਨੀ ਕਹਾਣੀਆਂ ਦੇ ਥੀਮ ਦੀ ਵੀ ਉਚੇਚੀ ਚਿੱਤਰਕਾਰੀ ਕਰਾਈ ਜਾਂਦੀ ਸੀ ਜਿਸ ਨਾਲ ਰਚਨਾ ਦੀ ਅਹਿਮੀਅਤ ਅਤੇ ਮਕਸਦ ਹੋਰ ਪ੍ਰਭਾਵਸ਼ਾਲੀ ਬਣ ਜਾਂਦਾ ਸੀ। ਦਿਲਚਸਪ ਗੱਲ ਹੈ ਕਿ ਇਹ ਸਭ ਕੁਝ ਮਿੰਨੀ ਕਹਾਣੀ ਦੇ ਖਿਲਾਫ ਚੱਲਦੇ ਵਿਵਾਦਾਂ ਅਤੇ ਰੋਲੇ-ਗੋਲੇ ਦੇ ਬਾਵਜੂਦ ਵੀ ਜਾਰੀ ਰਿਹਾ। ਕੋਈ ਇਸਨੂੰ  ਚੁਟਕਲਾ ਆਖਦਾ, ਕੋਈ ਜੋਕ ਕਹਿੰਦਾ ਅਤੇ ਕੋਈ ਕੁਝ ਹੋਰ-ਪਰ ਪੜ੍ਹਦੇ ਸਾਰੇ ਹੀ ਸਨ। ਮਿੰਨੀ ਕਹਾਣੀ ਦੀ ਇਸ ਵਿਧਾ ਨੇ ਹਿੰਦੀ-ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦੇ ਕਈ ਕਲਮਕਾਰਾਂ ਨੂੰ ਆਪਸ ਵਿੱਚ ਜੋੜਿਆ। ਕੁਝ ਕੁ ਹਿੰਦੀ ਪੱਤਰਕਾਵਾਂ ਨੇ ਤਾਂ ਇਸ ਨੂੰ ਉਚਾਈ ਉੱਤੇ ਲਿਜਾਣ ਲਈ ਵਿਸ਼ੇਸ਼ ਯੋਗਦਾਨ ਦਿੱਤਾ। ਪੰਜਾਬੀ ਵਿੱਚ ਇਹ ਭੂਮਿਕਾ ਅਣੂ ਨਿਭਾ ਰਿਹਾ ਸੀ। ਇਸ ਲਈ ਅੱਜ ਦੇ ਸੈਮੀਨਾਰ ਨੂੰ ਅਣੂ  ਸੈਮੀਨਾਰ ਕਹਿ ਰਹੇ ਹਾਂ। ਜੇ ਕਿਸੇ ਨੂੰ ਬੁਰਾ ਲੱਗੇ ਤਾਂ ਕਿਰਪਾ ਕਰਕੇ ਦਿਲ 'ਤੇ ਨਾ ਲੈਣਾ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਮਿੰਨੀ ਕਹਾਣੀ ਸੈਮੀਨਾਰ ਕਰਵਾਇਆ ਗਿਆ ਹੈ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ’ਚ ਸ੍ਰੀ ਗੁਰਪਾਲ ਲਿੱਟ, ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਨਰਿੰਜਨ ਬੋਹਾ ਨੇ ਸ਼ਿਰਕਤ ਕੀਤੀ। 
ਸੈਮੀਨਾਰ ਮੌਕੇ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣਾ ਖੋਜ ਪੇਪਰ ਬਹੁ ਦਿਸ਼ਾਵੀ ਕੈਨਵਸ ਦਾ ਪ੍ਰਵਚਨ : ਪੂਰਬ ਦੀ ਲੋਅ /ਸੁਰਿੰਦਰ ਕੈਲੇ ਜੀ ਦੀ ਪੁਸਤਕ ਤੇ ਪੜਿਆ। ਉਹਨਾਂ ਕਿਹਾ ਕਿ ਲੇਖਕ ਦਾ ਕਥਾ ਵਸਤੂ ਸਮਾਜ ਵਿਚ ਗੰਭੀਰ ਸੰਵੇਦਨਹੀਣਤਾ ਦੀ ਤਰਜਮਾਨੀ ਕਰਦਾ ਹੈ। ਮਿੰਨੀ ਕਹਾਣੀ ÷ਸੀਰੀ÷ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਿਆ ਜਾ ਰਿਹਾ। ਡਾ. ਸੁਰਜੀਤ ਬਰਾੜ ਵੱਲੋਂ ਮੰਤਵਮਈ ਯਥਾਰਥ ਦੀਆਂ ਮਿੰਨੀ ਕਹਾਣੀਆਂ: ਆਥਣ ਵੇਲਾ/ਸ਼ਿਆਮ ਸੁੰਦਰ ਅਗਰਵਾਲ ਜੀ ਦੀ ਪੁਸਤਕ ਤੇ ਪੇਪਰ ਪੜ੍ਹਿਆ ਜਿਸ ਵਿਚ ਰਿਸ਼ਤਿਆਂ ਦੀ ਕਰੂਰਤਾ ਬਾਰੇ ਅਤੇ ਫੇਸਬੁੱਕ ਕਿਸਮ ਦੇ ਸਾਈਬਰ ਕਰਾਈਮ ਆਦਿ ਦੀਆਂ ਗੰਭੀਰ ਗੱਲਾਂ ਛੋਹੀਆਂ ਗਈਆਂ ਹਨ। ਦੀਦਾਰ ਸਿੰਘ ਵੱਲੋਂ ਪੰਜਾਬੀ ਮਿੰਨੀ ਕਹਾਣੀ ਦੀ ਸਹਿਜ ਰਚਨਾਕਾਰੀ: ਮੇਰੀਆਂ ਪ੍ਰਤੀਨਿਧ ਮਿੰਨੀ ਕਹਾਣੀਆਂ/ਸ਼ਿਆਮ ਸੁੰਦਰ ਦੀਪਤੀ ਜੀ ਦੀ ਪੁਸਤਕ ਤੇ ਪੇਪਰ ਪੜ੍ਹਿਆ ਉਨ੍ਹਾਂ ਮਿੰਨੀ ਕਹਾਣੀ ਦੇ ਸੋਹਜ ਸ਼ਾਸਤਰ ਨੂੰ ਪਕੜਨ ਦਾ ਯਤਨ ਕੀਤਾ ਅਤੇ ਆਖਿਆ ਕਿ ਸ਼ਿਆਮ ਸੁੰਦਰ ਦੀਪਤੀ ਜੀ ਦੀਆਂ ਕਹਾਣੀਆਂ ਵਿਚ ਔਰਤ ਦਲਿਤ ਅਤੇ ਹਾਸ਼ੀਏ ਤੋਂ ਬਾਹਰਲੇ ਲੋਕਾਂ ਨੂੰ ਆਦਰਸ਼ਿਕ ਦਿ੍ਰਸ਼ਟੀਕੋਣ ਤੋਂ ਦੇਖਿਆ ਗਿਆ ਹੈ। ਡਾ. ਗੁਰਮੇਲ ਸਿੰਘ ਵੱਲੋਂ ਨਿਰੋਏ ਸਮਾਜਿਕ ਮੁੱਲਾਂ ਦੀ ਲਘੂ ਪੇਸ਼ਕਾਰੀ : ਰਿਸ਼ਤਿਆਂ ਦੀ ਨੀਂਹ/ਜਗਦੀਸ਼ ਰਾਏ ਕੁਲਰੀਆਂ ਜੀ ਦੀ ਪੁਸਤਕ ਤੇ  ਖੋਜ-ਪੱਤਰ ਪੜ੍ਹਿਆ ਗਿਆ।  ਉਹਨਾਂ ਨੇ ਮਿੰਨੀ ਕਹਾਣੀ ਦੇ ਰੂਪਾਕਾਰ ਦੀਆਂ ਬਾਰੀਕੀਆਂ ਦਾ ਨਿਠ ਕੇ ਵਿਸ਼ੇਸ਼ਨ ਕੀਤਾ। ਬਹਿਸ ਦਾ ਆਰੰਭ ਕਰਦਿਆਂ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਜਗੀਰੂ ਅਤੇ ਪੂੰਜੀਵਾਦੀ ਰਿਸ਼ਤੇ ਇਕ ਦੂਜੇ ਵਿਚ ਖਲਤ-ਮਲਤ ਹੋ ਮਨੁੱਖ ਤੇ ਲਿਖਤ ਦੀ ਸੰਵੇਦਨਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਹਨ। ਬਹਿਸ ਦਾ ਆਰੰਭ ਕਰਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਬਿਰਤਾਂਤ ਦੇ ਵਿਭਿੰਨ ਰੂਪਾਕਾਰਾਂ ਵਿਚ ਮਿੰਨੀ ਕਹਾਣੀ ਦੇ ਨਕਸ਼ ਪਛਾਣੇ ਜਾਣ ਦੀ ਲੋੜ ਹੈ। ਮਿੰਨੀ ਕਹਾਣੀ ਦੇ ਉਘੇ ਹਸਤਾਖ਼ਰ ਨਰਿੰਜਨ ਬੋਹਾ ਜੀ ਨੇ ਮਿੰਨੀ ਕਹਾਣੀ ਦੇ ਸਥਾਪਿਤ ਹੋ ਰਹੇ ਸੋਹਜਸ਼ਾਤਰ ਦਾ ਜਿਕਰ ਕਰਦਿਆਂ ਇਸ ਦੀ ਲੰਮੀ ਯਾਤਰਾ ਦਾ ਵੀ ਵਰਨਣ ਕੀਤਾ। ਪ੍ਰਧਾਨਗੀ ਟਿਪਣੀ ਕਰਦਿਆਂ ਗੁਰਪਾਲ ਲਿੱਟ ਜੀ ਨੇ ਸੰਮਵੇਦਨਸ਼ੀਲ ਸਾਹਿਤ ਵਿਚ ਮਿੰਨੀ ਕਹਾਣੀ ਦੀ ਬਣਦੀ ਥਾਂ ਬਾਰੇ ਚਰਚਾ ਕਰਦਿਆਂ ਨਵੀਆਂ ਕਲਮਾ ਨੂੰ ਉਤਸ਼ਾਹਤ ਕਰਨ ਦੀ ਗੱਲ ਵੀ ਕਹੀ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਪ੍ਰਧਾਨਗੀ ਮੰਡਲ ਦਾ ਵਿਸ਼ੇਸ਼ ਤੋਰ ਤੇ ਅਤੇ ਸਮੂਚੇ ਹਾਜ਼ਰੀਨ ਦਾ ਧੰਨਵਾਦ ਕਰਦਿਆ ਪੇਪਰ ਲੇਖਕਾਂ ਨੂੰ ਸ਼ਾਬਾਸ਼ ਦਿਤੀ ਅਤੇ ਪ੍ਰਧਾਨ ਜੀ ਦੇ ਸੁਝਾ ਤੇ  ਸਮੁੱਚੇ ਹਾਉਸ ਨੇ ਚੰਡੀਗੜ੍ਹ ਵਿਚ ਮਾਤ ਭਾਸ਼ਾ ਪੰਜਾਬੀ ਹੋਣ ਲਈ ਮਤਾ ਪਾਸ ਕੀਤਾ ਇਸ ਕਾਰਜ ਲਈ ਸਰਗਰਮ ਸੰਸਥਾਵਾਂ ਅਤੇ ਵਿਸ਼ੇਸ਼ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਦੇ ਕਨਵੀਨਰ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਸਨ। ਉਹਨਾ ਮੰਚ ਸੰਚਾਲਨ ਕਰਦਿਆ ਕਿਹਾ ਕਿ ਮਿੰਨੀ ਕਹਾਣੀ ਦਾ ਸਫ਼ਰ ਭਾਵੇਂ ਛੋਟਾ ਨਹੀ ਪਰ ਅਜੇ ਆਪਣੇ ਅਲੋਚਨਾ ਸ਼ਾਸ਼ਤਰ ਦੀ ਪਛਾਣ ਕਰ ਰਹੀ ਹੈ।  ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਜੀ ਨੇ ਸਵਾਗਤੀ ਸ਼ਬਦ ਕਹਿੰਦਿਆਂ ਮਿੰਨੀ ਕਹਾਣੀ ਇਕ ਰੂਪਾਕਾਰ ਵੱਜੋਂ ਬਣ ਰਹੀ ਪਛਾਣ ਦਾ ਉਲੇਖ ਕੀਤਾ।
ਸੈਮੀਨਾਰ ਮੌਕੇ ਹੋਰਨਾ ਤੋਂ ਇਲਾਵਾ ਡਾ. ਜੋਗਿੰਦਰ ਸਿੰਘ ਨਿਰਾਲਾ, ਸੁਖਦਰਸ਼ਨ ਸਿੰਘ ਗਰਗ, ਡਾ. ਸ਼ਿਆਮ ਸੁੰਦਰ ਅਗਰਵਾਲ, ਜਸਮੀਤ ਕੌਰ, ਰਜਿੰਦਰ ਸਿੰਘ, ਡਾ. ਗੁਰਵਿੰਦਰ ਸਿੰਘ ਅਮਨ ਰਾਜਪੁਰਾ, ਕਰਮਜੀਤ ਸਿੰਘ ਔਜਲਾ, ਪ੍ਰੋ. ਕ੍ਰਿਸ਼ਨ ਸਿੰਘ, ਭਵਨਜੋਤ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਕੁਲਵਿੰਦਰ ਕੌਸ਼ਲ, ਬਰਿਸ਼ ਭਾਨ ਘਲੋਟੀ, ਇੰਜ. ਡੀ.ਐਮ.ਸਿੰਘ, ਜਸਪ੍ਰੀਤ ਸਿੰਘ, ਰਘਬੀਰ ਸਿੰਘ ਸੰਧੂ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਜਗਤਾਰ ਅਵਾਰਾ, ਅਮਰਜੀਤ ਸ਼ੇਰਪੁਰੀ, ਅਮਰੀਕ ਸਿੰਘ ਤਲਵੰਡੀ, ਸੁਰਿੰਦਰ ਸਿੰਘ ਨਿਮਾਣਾ, ਜਸਵੰਤ ਸਿੰਘ ਅਮਨ, ਭੁਪਿੰਦਰ ਸਿੰਘ ਚੌਕੀਮਾਨ, ਰਣਜੀਤ ਆਜ਼ਾਦ ਕਾਂਝਲਾ,  ਡਾ. ਸ਼ਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁਲਰੀਆ, ਪ੍ਰਿੰ. ਪ੍ਰੇਮ ਸਿੰਘ ਬਜਾਜ,  ਰਵਿੰਦਰ ਰਵੀ, ਇੰਦਰਜੀਤਪਾਲ ਕੌਰ, ਸੁਰਿਦਰ ਦੀਪ, ਭੁਪਿੰਦਰ ਸਿੰਘ ਚੋਂਕੀਮਾਨ, ਬਲਵਿੰਦਰ ਔਲਖ, ਸੁਖਚਰਨ ਸਿੰਘ ਸਿੱਧੂ, ਇੰ ਡੀ. ਐਮ. ਸਿੰਘ, ਸੋਮਾ ਕਲਸੀਆਂ, ਪ੍ਰਗਟ ਸਿੰਘ ਗਰੇਵਾਲ,ਰਘਵੀਰ ਸਿੰਘ ਸੰਧੂ, ਮੂਲ ਚੰਦ ਸ਼ਰਮਾ,ਦੀਪ ਜਗਦੀਪ ਅਤੇ ਜਸਪ੍ਰੀਤ ਸਿੰਘ ਪੀ. ਏ. ਯੂ.  ਹਾਜ਼ਰ ਸਨ। 


ਸ਼ਹੀਦ ਭਗਤ ਸਿੰਘ ਸੀ.ਸੈ.ਸਕੂਲ ਵਿਖੇ ਵੀ ਜੋਸ਼ੋਖਰੋਸ਼ ਨਾਲ ਮਨਾਈ ਗਈ ਤੀਜ

ਤੀਜ ਦੇ ਇਤਿਹਾਸ ਅਤੇ ਇਸਤਰੀ ਜੀਵਨ ਦੀ ਕੁਰਬਾਨੀ ਬਾਰੇ ਵੀ ਚਰਚਾ ਹੋਈ 
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ):: 
ਮੌਸਮਾਂ ਦੀਆਂ ਤਬਦੀਲੀਆਂ ਦੇ ਨਾਲ ਨਾਲ ਤਨਾਂ ਅਤੇ ਮਨਾਂ ਉੱਤੇ ਵੀ ਡੂੰਘਾ ਅਸਰ ਪੈਂਦਾ ਹੈ। ਆਲੇਦੁਆਲੇ ਵਿੱਚ ਹੁੰਦੀ ਬਦਲਾਹਟ ਨਾਲ ਦਿਲ ਦਿਮਾਗ ਅਤੇ ਜਿਸਮ ਵੀ ਪ੍ਰਭਾਵਿਤ ਹੁੰਦੇ ਹਨ।  ਇਹਨਾਂ ਨੂੰ ਇੱਕਸੁਰ ਕਰਨ ਵਿੱਚ ਸਹਾਈ ਹੁੰਦੇ ਹਨ ਤਿਓਹਾਰਾਂ ਵਾਲੇ ਮੇਲੇ ਗੇਲੇ ਅਤੇ ਰੀਤੀ ਰਿਵਾਜ।  ਇਸਦੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ ਸਾਰੇ ਦਾ ਸਾਰਾ ਸਮਾਜ ਅਤੇ ਸੱਭਿਆਚਾਰ। ਤੀਆਂ ਜਾਂ ਤੀਜ ਦਾ ਤਿਓਹਾਰ ਵੀ ਅਜਿਹਾ ਹੀ ਹੈ। ਸ਼ਿਵ-ਪਾਰਵਤੀ ਦੇ ਪੁਨਰ ਮਿਲਣ ਦੀ ਕਹਾਣੀ ਯਾਦ ਕਰਾਉਂਦਾ ਇਹ ਤਿਓਹਾਰ ਔਰਤ ਮਨ ਦੇ ਵਿਸ਼ਾਲ ਸੰਸਾਰ ਦਾ ਅਹਿਸਾਸ ਕਰਾਉਂਦਾ ਹੈ ਜਿਹੜੀ ਪਤੀ ਦੇ ਘਰ ਨੂੰ ਵੀ ਆਪਣੇ ਘਰ ਵਾਂਗ ਸੰਵਾਰਦੀ ਹੈ ਅਤੇ ਸਾਵਣ ਦੇ ਮਹੀਨੇ ਪੇਕੇ ਘਰ ਆ ਕੇ ਵਿਛੜੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਦੀ ਹੈ। ਉਸ ਧਰਤੀ ਦੀ ਨੇੜਤਾ ਇੱਕ ਵਾਰ ਫੇਰ ਮਾਣਦੀ ਹੀ ਜਿੱਥੇ ਉਸਨੇ ਜਨਮ ਲਿਆ, ਸਿੱਖਿਆ ਲਈ ਅਤੇ ਫਿਰ ਇੱਕ ਦਿਨ ਅਚਾਨਕ ਹੀ ਜਦੋਂ ਵਿਆਹ ਹੋਇਆ ਤਾਂ ਉਹ ਘਰ ਪਰਾਇਆ ਹੋ ਗਿਆ ਅਤੇ ਪਤੀ ਵਾਲਾ ਬੇਗਾਨਾ ਘਰ ਆਪਣਾ ਹੋ ਗਿਆ ਹੈ।  ਇੱਕ ਥਾਂ ਤੋਂ ਟੁੱਟ ਕੇ ਦੂਜੀ ਅਣਜਾਣੀ ਥਾਂ ਜੁੜਨਾ ਅਤੇ ਉਸਨੂੰ ਆਪਣੇ ਘਰ ਵਾਂਗ ਵਸਾਉਣਾ--ਸ਼ਾਇਦ ਔਰਤ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ। ਔਰਤਾਂ ਦਾ ਇਹ ਤਿਓਹਾਰ ਪੂਰੇ ਮਰਦ ਸਮਾਜ ਨੂੰ ਵੀ ਇੱਕ ਸਿੱਖਿਆ ਭਰਿਆ ਸੰਦੇਸ਼ ਦੇਂਦਾ ਹੈ ਕਿ ਔਰਤ ਦੀ ਕੁਰਬਾਨੀ ਨੂੰ ਕਦੇ ਨਾ ਭੁੱਲੋ। ਤੁਹਾਡੇ ਘਰਾਂ ਦੀਆਂ ਖੁਸ਼ੀਆਂ ਇਸ ਕੁਰਬਾਨੀ ਕਾਰਨ ਹੀ ਹਨ। ਅਜਿਹੀਆਂ ਗੱਲਾਂ ਦਾ ਅਹਿਸਾਸ ਕਰਾਉਂਦਾ ਇਹ ਤਿਓਹਾਰ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਕਲਾਂ ਵਿਖੇ ਵੀ ਬੜੇ ਜੋਸ਼ੋਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਵੀ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ ਭਾਟੀਆ ਨੇ ਇਸ ਤਿਓਹਾਰ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਬੜੇ ਵਿਸਥਾਰ ਨਾਲ ਦੱਸਿਆ। 

Saturday, August 05, 2017

ਸ੍ਰੀ ਠਾਕੁਰ ਦਲੀਪ ਸਿੰਘ ਹੁਰਾਂ ਦਾ 64ਵਾਂ ਜਨਮ ਦਿਹਾੜਾ ਮਨਾਇਆ

ਸੋਖੀ ਪਰਿਵਾਰ ਅਤੇ ਨਾਮਧਾਰੀ ਸੰਗਤਾਂ ਨੇ ਮੂੰਹ ਮਿੱਠੇ ਕਰਾਏ
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਸੰਗਤ ਵਿੱਚ ਆਪਣਾ 80 ਫੀਸਦੀ ਪ੍ਰਭਾਵ ਰੱਖਣ ਵਾਲੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾ 64 ਵਾਂ ਜਨਮ ਦਿਹਾੜਾ ਅੱਜ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਅਤੇ ਭੁਰਜੀ ਪਰਿਵਾਰ ਵੱਲੋ ਬੜੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੋਕੇ ਮਠਿਆਈਆ ਵੰਡੀਆਂ ਗਈਆ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਦੇ ਮੰਹੂ ਮਿੱਠੇ ਕਰਵਾਏ ਗਏ।
ਇਸ ਮੌਕੇ ਉਪਰ ਸ੍ਰ: ਸੋਖੀ ਜੀ ਨੇ ਸਮੂਹ ਨਾਮਧਾਰੀ ਸੰਗਤ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਠਾਕੁਰ ਜੀ ਦੇ ਤਿਆਗ, ਜੀਵਨ ਜਾਚ ਅਤੇ ਸ਼ਰਧਾਲੂਆਂ ਉਤੇ ਕਿਰਪਾ ਦ੍ਰਿਸ਼ਟੀ ਬਾਰੇ ਗੱਲਾਂ ਸਾਝੀਆਂ ਕੀਤੀਆਂ ਗਈਆਂ। ਸ੍ਰੀ ਠਾਕੁਰ ਦਲੀਪ ਸਿੰਘ ਜੀ ਬਚਪਨ ਵਿੱਚ ਹੀ ਤਪ ਤਪੱਸਿਆ ਵਿੱਚ ਲੈਣ ਰਹਿਣ ਵਾਲੇ ਸਨ ਅਤੇ ਤਿਆਗੀ ਸੁਭਾਅ ਦੇ ਸਨ। ਕਿਤਾਬਾਂ ਨਾਲ ਵੀ ਸ੍ਰੀ ਠਾਕੁਰ ਜੀ ਦਾ ਮੋਹ ਬਚਪਨ ਵਾਲੀ ਉਮਰ ਵਿੱਚ ਹੀ ਪੈ ਗਿਆ ਸੀ। 
ਸ: ਭੁਰਜੀ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ੍ਰੀ ਠਾਕੁਰ ਜੀ ਦਾ ਜਨਮ 5 ਅਗਸਤ 1953 ਵਿੱਚ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ਤੇ  ਹੋਇਆ ਸੀ ਅਤੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੀ ਸਮੂਹ ਨਾਮਧਾਰੀ ਸੰਗਤ ਵਿੱਚ ਉਹਨਾਂ ਦੇ 64 ਵੇ ਜਨਮ ਦਿਹਾੜੇ ਤੇ ਬਹੁਤ ਭਾਰੀ ਉਤਸ਼ਾਹ ਹੈ।
ਇਸ ਮੋਕੇ ਜਥੇਦਾਰ ਸੁੱਚਾ ਸਿੰਘ, ਜਸਵੀਰ ਸਿੰਘ, ਸੁੱਖਵਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਕਾਸ਼ ਗੋਗਨਾ, ਜਸਵੀਰ ਦਹੇਲਾ, ਨਰਿੰਦਰ ਨੋਨਾ ਅਤੇ ਕੁਲਵਿੰਦਰ ਸਿੰਘ ਸੋਖੀ ਹਾਜਰ ਸਨ।