Monday, August 07, 2017

ਚੋਟੀ ਕੱਟਣ ਦੀਆਂ ਘਟਨਾਵਾਂ ਵਿੱਚ ਮਾਨਸਿਕ ਅਤੇ ਘਰੇਲੂ ਕਾਰਣ ਸ਼ਾਮਲ

Sun, Aug 6, 2017 at 8:05 PM
ਤਰਕਸ਼ੀਲ ਸੋਸਾਇਟੀ ਨੇ ਕੀਤੀ ਮਾਮਲੇ ਦੀ ਪੂਰੀ ਘੋਖ ਪੜਤਾਲ 
ਫੋਟੋ ਜਨ ਪ੍ਰਹਰੀ ਤੋਂ ਧੰਨਵਾਦ ਸਹਿਤ 
ਲੁਧਿਆਣਾ: 6 ਅਗਸਤ (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਪਤਾ ਨਹੀਂ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਪਰ ਇਸ ਦੇਸ਼ ਦੀ ਆਤਮਾ ਨਹੀਂ ਜਾਗੀ। ਕਿੰਨੀਆਂ ਕੁੜੀਆਂ ਅਤੇ ਵਿਆਹੀਆਂ ਇਸਤਰੀਆਂ ਨੂੰ ਜਬਰਜਨਾਹ ਮਗਰੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਇਸ ਦੇਸ਼ ਦੀ ਜਨਤਾ ਵਿੱਚ ਕੋਈ ਬੇਚੈਨੀ ਨਹੀਂ ਹੋਈ। ਡਾ. ਨਰੇਂਦਰ ਦਾਭੋਲਕਰ ਵਰਗੇ ਬੁਧੀਜੀਵੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਸਾਡਾ ਸਮਾਜ ਨਹੀਂ ਜਾਗਿਆ। ਹੁਣ ਚੋਟੀ ਕੱਟੇ ਜਾਣ ਦੀਆਂ ਕਥਿਤ ਘਟਨਾਵਾਂ ਵਾਲੀਆਂ ਅਫਵਾਹਾਂ ਨੇ ਪੜ੍ਹੇ ਲਿਖੇ ਲੋਕਾਂ ਨੂੰ ਡੈਣਾਂ ਦੀ ਮੌਜੂਦਗੀ ਦਾ ਅਹਿਸਾਸ ਵੀ ਕਰ ਦਿੱਤਾ ਹੈ। ਆਗਰਾ ਨੇੜੇ ਫਤੇਹਾਬਾਦ 'ਚ ਤਾਂ ਰਸਤਾ ਭਟਕੀ ਇੱਕ ਬਜ਼ੁਰਗ ਪਰ ਦਲਿਤ ਔਰਤ ਨੂੰ ਇਸਦਾ ਜ਼ਿੰਮੇਵਾਰ ਆਖ ਕੇ ਮੌਤ ਦੇ ਘਾਟ ਉਤਾਰਨ ਵਰਗਾ ਸ਼ਰਮਨਾਕ ਕਾਰਾ ਵੀ ਕੀਤਾ ਜਾ ਚੁੱਕਿਆ ਹੈ। ਸ਼ੱਕ ਹੋਣ ਲੱਗ ਪਿਆ ਹੈ ਕਿ ਕਿਤੇ ਕਿਸੇ ਵਰਗ ਵਿਸ਼ੇਸ਼ ਨੂੰ ਇਸ ਬਹਾਨੇ ਸਮੂਹਿਕ ਨਿਸ਼ਾਨਾ ਬਣਾਏ ਜਾਨ ਦੀ ਕੋਈ ਸਾਜ਼ਿਸ਼ ਤਾਂ ਨਹੀਂ ਚੱਲ ਰਹੀ? ਤਰਕਸ਼ੀਲ ਸੋਸਾਇਟੀ ਪੰਜਾਬ ਨੇ ਇਹਨਾਂ ਘਟਨਾਵਾਂ ਬਾਰੇ ਪੂਰੀ ਘੋਖ ਪੜਤਾਲ ਕੀਤੀ ਹੈ। 
ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੀ ਮੀਟਿੰਗ ਅੱਜ ਜਥੇਬੰਦਕ ਮੁਖੀ ਜਸਵੰਤ ਜੀਰਖ਼ ਦੀ ਪ੍ਰਧਾਨਗੀ ਹੇਠ ਗਦਰੀ ਸ਼ਹੀਦ ਬਾਬਾ ਭਾਨ ਯਾਦਗਾਰ ਸੁਨੇਤ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨਾਂ ਤੋਂ ਵੱਖ ਵੱਖ ਸੂਬਿਆਂ ਰਾਜਸਥਾਨ, ਹਰਿਆਣਾ, ਯੂ ਪੀ, ਦਿੱਲੀ ਅਤੇ ਪੰਜਾਬ ਆਦਿ ਵਿੱਚ ਔਰਤਾਂ ਦੀ ਚੋਟੀ ਕੱਟੇ (ਵਾਲ ਕੱਟਣ) ਜਾਣ ਦੀਆਂ ਘਟਨਾਵਾਂ ਦੀ ਵਿਗਿਆਨਿਕ ਨਜ਼ਰੀਏ ਤੋਂ ਚਰਚਾ ਕੀਤੀ ਗਈ। ਚਰਚਾ ਦੌਰਾਨ ਇਹ ਸਿੱਟਾ ਸਾਹਮਣੇ ਆਇਆ ਕਿ ਇਹਨਾਂ ਵੱਖ ਵੱਖ ਘਟਨਾਵਾਂ ਪਿੱਛੇ ਹਰ ਔਰਤ ਦਾ ਕੋਈ ਨਾ ਕੋਈ ਘਰੇਲੂ ਕਾਰਣ ਛੁਪਿਆ ਹੋਇਆ ਹੈ। ਹਰ ਪਰਿਵਾਰ ਦੀ ਪੜਤਾਲ ਦੌਰਾਨ ਇਹ ਕਾਰਣ ਲੱਭੇ ਜਾ ਸਕਦੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਅਨੇਕਾਂ ਮਾਮਲਿਆਂ ਨੂੰ ਹੱਲ ਕਰ ਚੁੱਕੀ ਹੈ ਅਤੇ ਹਰ ਘਟਨਾ ਕਿਸੇ ਨਾ ਕਿਸੇ ਘਰੇਲੂ ਸਮੱਸਿਆ ਜਾਂ ਮਾਨਸਿਕ ਕਾਰਣ ਨਾਲ ਜੁੜੀ ਪਾਈ ਜਾਂਦੀ ਰਹੀ ਹੈ। ਇਹਨਾਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇ ਕੇ ਭੂਤ, ਚੁੜੇਲ ਜਾ ਦੇਵੀ ਦੇਵਤੇ ਦੀ ਕਰੋਪੀ ਨਾਲ ਸੰਬੋਧਤ ਹੋਣਾ ਲੋਕਾਂ ਨਾਲ ਖਿਲਵਾੜ ਕਰਨ ਬਰਾਬਰ ਹੈ। ਮੀਡੀਆ ਨੂੰ ਇਹਨਾ ਘਟਨਾਵਾਂ ਨੂੰ ਕੋਈ ਤੂਲ ਨਹੀਂ ਦੇਣਾ ਚਾਹੀਦਾ। 
ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਡੀ ਗਿਣਤੀ ਮੰਦਰਾਂ ਵਿੱਚ ਗਣੇਸ਼ ਦੀਆਂ ਮੂਰਤੀਆਂ ਦਾ ਦੁੱਧ ਪੀਣਾ, ਤੋਰੀਆਂ ਦੀਆਂ ਵੇਲਾਂ ਦੇ ਪੱਤਿਆਂ ਅਤੇ ਸਿਵਜੀ ਦੀਆਂ ਮੂਰਤੀਆਂ ਤੇ ਸੱਪ ਦੀ ਤਸਵੀਰ ਬਣਨਾ,ਨਲਕੇ ਵਿਚੋਂ ਕਰਾਮਾਤੀ ਪਾਣੀ ਨਿਕਲਣਾ ਆਦਿ ਅਨੇਕਾਂ ਹੀ ਘਟਨਾਵਾਂ ਨੂੰ ਵਿਗਿਆਨਿਕ ਤੌਰ ਤੇ ਝੂਠਾ ਸਿੱਧ ਕੀਤਾ ਜਾ ਚੁੱਕਾ ਹੈ। ਇਹਨਾਂ ਘਟਨਾਵਾਂ ਵਿੱਚ ਇਕ ਗੱਲ ਹੋਰ ਵੀ ਵੇਖਣ ਵਾਲੀ ਹੈ ਕਿ ਕਿਸੇ ਵੀ ਥਾਂ ਤੇ ਪੁਰਸ਼ ਦੇ ਵਾਲ ਕੱਟਣ ਦੀ ਘਟਨਾ ਨਹੀਂ ਹੋਈ। ਸਾਰੀਆਂ ਹੀ ਘਟਨਾਵਾਂ ਔਰਤਾਂ ਨਾਲ ਸਬੰਧਤ ਹਨ। ਇਹ ਇਸ ਕਰਕੇ ਹੈ ਕਿਓਂਕਿ ਔਰਤ ਦੀ ਮਾਨਸਿਕਤਾ ਮਨੁੱਖ ਨਾਲ਼ੋਂ ਵੱਧ ਕਮਜ਼ੋਰ ਹੁੰਦੀ ਹੈ। ਅਜਿਹੀਆਂ ਘਟਨਾਵਾਂ ਦਾ ਆਰਥਿਕ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੇ ਲੋਕ ਵਿਰੋਧੀਆਂ ਵੱਲੋਂ ਲੋਕਾਂ ਦੀ ਲੁੱਟ ਕਰਨ ਦਾ ਦਾਅ ਅਸਾਨੀ ਨਾਲ ਲੱਗ ਜਾਂਦਾ ਹੈ। ਕਈ ਘਟਨਾਵਾਂ ਨੂੰ ਅੰਜਾਮ ਇਹਨਾਂ ਵੱਲੋਂ ਸੋਚੀ ਸਮਝੀ ਵਿਉੰਤਬੰਦੀ ਨਾਲ ਖ਼ੁਦ ਹੀ ਦਿੱਤਾ ਜਾਂਦਾ ਹੈ। ਇਸ ਘਟਨਾ ਬਾਅਦ ਵੀ ਲੋਕਾਂ ਵੱਲੋਂ ਕਈ ਤਾਂਤਰਿਕਾਂ ਤੇ ਜੋਤਸ਼ੀਆੰ ਵੱਲੋਂ ਤਵੀਜ ਅਤੇ ਲੌਕਟ ਆਿਦ ਲਿਆਕੇ ਆਪਣੇ ਵਾਲਾਂ ਜਾਂ ਸਰੀਰ ਦੇ ਹੋਰ ਹਿੱਸਿਆਂ 'ਚ ਬੰਨਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾੰ ਨਾਲ ਅੰਧਵਿਸ਼ਵਾਸ ਫੈਲਾਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਅਖੌਤੀ ਕਰਾਮਾਤੀ ਲੁਟੇਰਿਆਂ ਦੀ ਦੁਕਾਨ ਵੀ ਖ਼ੂਬ ਚਲਦੀ ਹੈ ਅਤੇ ਲੋਕਾਂ ਵਿੱਚ ਉਹਨਾਂ ਪ੍ਰਤੀ ਵਿਸ਼ਵਾਸ ਵੀ ਬਣਿਆ ਰਹਿੰਦਾ ਹੈ।
                ਮੀਟਿੰਗ ਵਿੱਚ ਡਾ. ਨਰੇਂਦਰ ਦਾਭੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹਫ਼ਤਾ (13 ਤੋਂ 20 ਅਗਸਤ) ਮਨਾ ਕੇ ਤਰਕਸ਼ੀਲ ਮੈਗਜ਼ੀਨ ਨੂੰ ਵੱਧ ਤੋਂ ਵੱਧ ਹੱਥਾਂ ਤੱਕ ਪਹੁਚਾਉਣ ਦਾ ਪ੍ਰੋਗਰਾਮ ਤਹਿ ਕੀਤਾ ਗਿਆਹੈ। ਸੈਮੀਨਾਰਾਂ ਦੀ ਲੜੀ ਜਾਰੀ ਰੱਖਦੇ ਹੋਏ 27 ਅਗਸਤ ਨੂੰ ਇਤਿਹਾਸਕ ਪਦਾਰਥਵਾਦ ਵਿਸ਼ੇ ਤੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਦੇ ਮੁੱਖ ਬੁਲਾਰੇ ਸ. ਹਰਚਰਨ ਸਿੰਘ ਬਰਨਾਲਾ ਹੋਣਗੇ। ਮੀਟਿੰਗ ਵਿੱਚ ਸਤੀਸ਼ ਕੁਮਾਰ ਸੱਚਦੇਵਾ, ਪ੍ਰੋ. ਏ ਕੇ ਮਲੇਰੀ, ਗੁਰਮੇਲ ਸਿੰਘ ਕਨੇਡਾ, ਮਾ. ਜਰਨੈਲ ਸਿੰਘ, ਸੁਖਿਵੰਦਰ ਲੀਲ, ਆਤਮਾ ਸਿੰਘ, ਦਲਜੀਤ ਸਿੰਘ, ਰਾਕੇਸ਼ ਆਜਾਦ, ਧਰਮਪਾਲ ਸਿੰਘ, ਰਣਜੋਧ ਸਿੰਘ ਲਲਤੋੰ ਅਤੇ ਕਈ  ਹੋਰ ਸ਼ਾਮਲ ਸਨ।  
ਇਸੇ ਦੌਰਾਨ ਤਰਕਸ਼ੀਲ ਏਡਾਮਰੂਕੁ ਨੇ ਬੀ ਬੀ ਸੀ ਨਾਲ ਇਸ ਮੁੱਦੇ ਉੱਤੇ ਗੱਲ ਬਾਤ ਕਰਦਿਆਂ ਦੱਸਿਆ ਹੈ ਕਿ ਇਹ ਮਾਸ "ਹਿਸਟੀਰੀਆ" ਜਾਂ "ਜਨ ਭਰਮ" ਦੀ ਇੱਕ ਬੇਹਤਰੀਨ ਮਿਸਾਲ ਹੈ। 

No comments: