Sunday, October 15, 2017

ਪ੍ਰੈਸ ਲਾਇਨਜ਼ ਕਲੱਬ ਘਟੀਆ ਸਿਆਸਤ ਕਾਰਨ ਹੋਈ ਫੇਰ ਦੁਫਾੜ

ਸਰਗਰਮ ਪੱਤਰਕਾਰਾਂ ਖਿਲਾਫ ਐਕਸ਼ਨ ਦੀ ਸ਼ੁਰੂਆਤ ਕਿਸ ਦੇ ਇਸ਼ਾਰੇ ਉੱਤੇ? 
ਲੁਧਿਆਣਾ: 18 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈਸ ਲਾਇਨਜ਼ ਕਲੱਬ ਫਿਰ ਚਰਚਾ ਵਿੱਚ ਹੈ।  ਵਟਸਐਪ ਗਰੁੱਪ ਵਿੱਚ ਇਹ ਚਰਚਾ ਅੱਜ ਵੀ ਭਖੀ  ਹੋਈ ਸੀ। ਸੋਚਿਆ ਕਿਓਂ ਨਾ ਕਰੀਬ ਇੱਕ ਮਹੀਨਾ ਪਿਛੇ ਚੱਲੀਏ ਜਦੋਂ ਇਸ ਚਰਚਾ ਦਾ ਮੁੱਢ ਬੱਝਾ ਸੀ। ਇੱਕ ਜਰਨਲਿਸਟ ਸਾਥੀ ਦਾ ਐਕਸੀਡੈਂਟ ਹੋ ਗਿਆ। ਲੋਕ ਦੂਰੋਂ ਦੂਰੋਂ ਹਾਲ ਪੁੱਛਣ ਲਈ ਆਏ ਪਰ ਆਪਣੇ ਸਾਥੀਆਂ ਵਿੱਚੋਂ ਹੀ ਕਿਸੇ ਨੇ ਉਸਨੂੰ ਅਹੁਦੇ ਤੋਂ "ਫਾਰਗ" ਕਰ ਦਿੱਤਾ ਅਤੇ ਬਾਕੀਆਂ ਨੇ "ਸਹਿਮਤੀ" ਦੇ ਦਿੱਤੀ। ਜਦੋਂ ਇਹ ਕੁਝ ਕਰਨ ਵਾਲੇ ਅਜਿਹੇ ਲੋਕ ਏਕਤਾ ਦੇ ਦਾਅਵੇ ਕਰਦੇ ਹਨ ਤਾਂ ਹਾਸਾ ਆਉਂਦਾ ਹੈ। ਕਿਸੇ ਵੇਲੇ "ਪ੍ਰੈਸ ਲਾਇਨਜ਼ ਕਲੱਬ" ਪੱਤਰਕਾਰਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਇੱਕ ਸਿਰਮੌਰ ਜੱਥੇਬੰਦੀ ਸੀ। ਇਸਨੇ ਪੱਤਰਕਾਰਾਂ ਨੂੰ ਇੱਕ ਮੰਚ ਥੱਲੇ ਲਾਮਬੰਦ ਕੀਤਾ ਸੀ। "ਪੰਜਾਬ ਯੂਨੀਅਨ ਆਫ ਜਰਨਲਿਸਟਸ" ਤੋਂ ਬਾਅਦ ਐਹ ਇੱਕ ਸਫਲ ਤਜਰਬਾ ਸੀ। ਇਸ ਹਕੀਕਤ ਦੇ  ਬਾਵਜੂਦ ਇਸ  ਦਾ ਪੱਤਨ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ। ਦਰਅਸਲ ਇਹ ਸਿਲਸਿਲਾ ਉਸੇ ਦਿਨ ਸ਼ੁਰੂ ਹੋ ਗਿਆ ਸੀ। ਜਿਸ ਦਿਨ ਇਸਦੇ ਮੌਜੂਦਾ ਪ੍ਰਧਾਨ ਨੇ ਘਟੀਆ ਸਿਆਸਤ ਖੇਡ ਕੇ ਪ੍ਰਧਾਨਗੀ ਦੀ ਕੁਰਸੀ ਪ੍ਰਾਪਤ ਕਰਨ ਲਈ ਪੂਰਵਨਿਯੋਜਿਤ ਸਾਜ਼ਿਸ਼ੀ ਚਾਲ ਚੱਲੀ ਸੀ। ਜੱਥੇਬੰਦੀ ਦੇ ਕਈ ਦੂਸਰੇ ਸੂਝਵਾਨ ਸੀਨੀਅਰ ਆਗੂਆਂ ਨੇ ਜੱਥੇਬੰਦੀ ਅਤੇ ਆਪਣੀ ਇੱਜ਼ਤ ਦਾ ਖਿਆਲ ਕਰਦਿਆਂ ਚੁੱਪ ਰਹਿਣ ਵਿੱਚ ਹੀ ਬੇਹਤਰੀ ਸਮਝੀ ਸੀ।ਇਸ ਗੱਲ ਨੂੰ ਉਹਨਾਂ ਸਾਥੀਆਂ ਦੀ ਗੰਭੀਰਤਾ ਅਤੇ ਤਿਆਗ ਦੀ ਭਾਵਨਾ ਹੀ ਸਮਝਿਆ ਜਾ ਸਕਦਾ ਹੈ।  ਕਈਆਂ ਨੇ ਏਸੇ ਦਿਨ ਇਸ ਜੱਥੇਬੰਦੀ ਤੋਂ ਤੋੜਵਿਛੋੜਾ ਕਰਦਿਆਂ ਇਸ ਦੀਆਂ ਮੀਟਿੰਗਾਂ ਵਿੱਚ ਆਉਣਾ ਹੀ ਛੱਡ ਦਿੱਤਾ ਸੀ। ਆਖਿਰ ਹਾਲਾਤ ਅਜਿਹੇ ਬਣ ਗਏ ਕਿ ਜਿਸ ਲਾਇਨਜ਼ ਕਲੱਬ ਦੇ ਇੱਕ ਸੱਦੇ ਤੇ 100-150 ਪੱਤਰਕਾਰ ਤੁਰੰਤ ਪਹੁੰਚ ਜਾਂਦੇ ਸਨ ਉਸ ਦੀ ਮੀਟਿੰਗ ਵਿੱਚ ਹੁਣ 10 ਪੱਤਰਕਾਰਾਂ ਤੋਂ ਜਿਆਦਾ ਦਾ ਕੋਰਮ ਨਹੀ ਹੁੰਦਾ।  ਜਿਹਨਾਂ ਵਿੱਚੋਂ ਕਈਆਂ ਦਾ ਤਾਂ ਪ੍ਰੈਸ ਕਲੱਬ ਨਾਲ ਕੋਈ ਦੂਰ ਤੱਕ ਦਾ ਵਾਸਤਾ ਵੀ ਨਹੀਂ ਹੁੰਦਾ। ਨਵੀਂ ਪ੍ਰਧਾਨਗੀ ਵੇਲੇ ਹੀ ਕਈ ਫਾੜ ਹੋਈ ਇਹ ਜੱਥੇਬੰਦੀ ਆਖਰਕਾਰ ਅੱਜ ਆਪਣਾ ਆਖਰੀ ਸ਼ਾਹ ਵੀ ਉਦੋਂ ਛੱਡ ਗਈ ਜਦੋਂ ਬੜੀ ਹੀ ਘਟੀਆ ਤੇ ਹੋਛੀ ਸਿਆਸਤ ਕਰਦਿਆਂ ਪੱਤਰਕਾਰਾਂ ਦੀ ਭਲਾਈ ਅਤੇ ਏਕਤਾ ਲਈ ਹਮੇਸ਼ਾਂ ਸਰਗਰਮ ਰਹਿੰਦੇ ਪ੍ਰੈਸ ਲਾਇਨਜ਼ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਅੜੀ ਤਕਰੀਬਨ ਇੱਕ ਮਹੀਨਾ ਬਾਅਦ ਵੀ ਜਾਰੀ ਰੱਖੀ ਗਈ। ਜ਼ਿਕਰਯੋਗ ਹੈ ਕਿ ਸੜਕ ਹਾਦਸਾ ਹੋ ਜਾਣ ਕਾਰਨ ਸਾਥੀ ਮਹਿਦੂਦਾਂ ਕਾਫੀ ਦੇਰ ਤੋਂ ਜ਼ੇਰੇ ਇਲਾਜ ਹੈ।  ਉਸਦੀ ਇਸ ਮਜਬੂਰੀ ਮੌਕੇ ਇਸ ਪ੍ਰੈਸ ਕਲੱਬ ਨੇ ਮਹਿਦੂਦਾਂ ਨਾਲ ਆਪਣੀ ਇਹ "ਇੱਕਜੁੱਟਤਾ" ਦਿਖਾਈ ਹੈ।  ਜੁਝਾਰੂ ਪੱਤਰਕਾਰ ਮਹਿਦੂਦਾਂ ਨਾਲ ਇਸ ਧੱਕੇਸ਼ਾਹੀ ਦਾ ਜੋ ਕਾਰਨ ਸਾਹਮਣੇ ਆਇਆ ਹੈ ਉਹ ਵੀ ਹੈਰਾਨ ਕਰਨ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਦੂਦਾਂ ਜ਼ਿਲੇ ਦੀ ਕਲੱਬ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਚੋਣਾਂ ਦਾ ਹਮੇਸ਼ਾਂ ਹਾਮੀ ਸੀ। ਕਲੱਬ ਦਾ ਮੌਜੂਦਾ ਪ੍ਰਧਾਨ ਪੱਤਰਕਾਰਾਂ ਵਿੱਚ ਸਾਥੀ ਮਹਿਦੂਦਾਂ ਦੀ ਚੜ੍ਹਤ ਤੋਂ ਇਸ ਕਦਰ ਖਾਰ ਖਾਂਦਾ ਸੀ ਕਿ ਪ੍ਰਧਾਨ ਬਣਦੇ ਸਾਰ ਉਸਨੇ ਬਿਨਾ ਵਜਾਹ ਹੀ ਉਸਨੂੰ ਕਲੱਬ ਦੇ ਵਟਸਅਪ ਗਰੁੱਪ ਵਿੱਚੋਂ ਰਿਮੂਵ ਕਰ ਦਿੱਤਾ। ਇਸ ਤੋਂ ਬਾਅਦ ਸੱਚ ਨੂੰ ਸੱਚ ਆਖਣ ਵਾਲੇ ਬਾਕੀ ਪੱਤਰਕਾਰ ਵੀ ਹੋਲੀ ਹੋਲੀ ਰਿਮੂਵ ਕੀਤੇ ਗਏ। ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਏਸੇ ਨਾਮ ਦਾ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸਤੋਂ ਇਲਾਵਾ ਟੋਲ ਪਲਾਜ਼ਾ ਦੀ ਮੁਆਫੀ ਦੇ ਸਬੰਧ ਵਿੱਚ ਪੰਜਾਬ ਜਰਨਲਿਸਟ ਅਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਸਮੇਂ ਮੋਹਰੀ ਵੀ ਰਿਹਾ ਸੀ। ਟੋਲ ਪਲਾਜਾ ਤੇ ਧਰਨੇ ਦੌਰਾਨ ਪੱਤਰਕਾਰਾਂ ਉੱਤੇ ਹੋਏ ਝੂਠੇ ਪਰਚਿਆਂ ਦੇ ਹੱਕ ਵਿੱਚ ਅਤੇ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਕਤਲ ਦੇ ਵਿਰੋਧ ਵਿੱਚ ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਕਲੱਬ ਵੱਲੋਂ ਸਾਰੇ ਅਖਬਾਰਾਂ ਨੂੰ ਪ੍ਰੈਸ ਨੋਟ ਵੀ ਜਾਰੀ ਕੀਤੇ ਸਨ। ਵੱਖਰਾ ਵਟਸਅਪ ਗਰੁੱਪ ਅਤੇ ਪੱਤਰਕਾਰਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਨੂੰ ਮੁੱਦਾ ਬਣਾ ਕੇ ਮੌਜੂਦਾ ਪ੍ਰਧਾਨ ਵੱਲੋਂ ਇਸਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ। ਪਤਾ ਲੱਗਾ ਕਿ ਸ: ਮਹਿਦੂਦਾਂ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ ਕਿ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇ ਉਸ ਵਿੱਚ ਲਿਖਤੀ ਜਵਾਬ ਦਿੱਤਾ ਜਾਵੇਗਾ। ਚੱਲ ਸਕਣ ਤੋਂ ਅਸਮਰੱਥ ਹੋਣ ਕਾਰਨ ਉਹਨਾਂ ਇਸਦੇ ਲਈ ਥੋੜਾ ਸਮਾਂ ਵੀ ਮੰਗਿਆ। ਇਸਦੇ ਬਾਵਜੂਦ ਉਸਨੂੰ ਗਿਣਤੀ ਦੇ ਚਾਰ ਅਹੁਦੇਦਾਰਾਂ ਨੇ ਉਸਨੂੰ ਅਹੁਦਾ ਮੁਕਤ ਕਰਨ ਦਾ ਨਾਦਰਸ਼ਾਹੀ ਫੈਸਲਾ ਵੀ ਸੁਣਾ ਦਿੱਤਾ। ਏਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਨੂੰ ਨੋਟਿਸ ਕਲੱਬ ਦੇ ਕਿਸੇ ਜਨਰਲ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਤੇ ਸਵਾਲ  ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਸੀ ਕਿ ਸੰਵਿਧਾਨ ਮੁਤਾਬਿਕ ਕਲੱਬ ਦਾ ਜਨਰਲ ਸਕੱਤਰ ਇੱਕ ਹੈ ਅਤੇ ਉਹ ਮੈਂ ਖੁਦ ਹਾਂ ਇਸ ਲਈ ਮੈਨੂੰ ਨੋਟਿਸ ਪ੍ਰਧਾਨ ਜਾਰੀ ਕਰੇ। ਇਸ ਤੋਂ ਬਾਅਦ ਕਲੱਬ ਦੀ ਮੇਲ ਤੋਂ ਨੋਟਿਸ ਆਉਣ ਤੇ ਹੀ ਉਸਨੇ ਉਪਰੋਕਤ ਜਵਾਬ ਭੇਜਿਆ ਸੀ। ਏਥੇ ਵੀ ਪਤਾ ਲੱਗਾ ਹੈ ਕਿ ਅੱਜ ਦੀ ਕਾਰਵਾਈ ਦਾ ਜਵਾਬ ਵੀ ਸ: ਮਹਿਦੂਦਾਂ ਵੱਲੋਂ ਤੁਰੰਤ ਮੈਂਬਰਾਂ ਨੂੰ ਹੋਛੀ ਕਾਰਵਾਈ ਦੀ ਲਾਹਣਤ ਪਾਉਂਦਿਆਂ ਦਿੱਤਾ ਗਿਆ। ਹੁਣ ਮਾਮਲਾ ਕੀ ਹੈ ਏਹ ਤਾਂ ਮਹਿਦੂਦਾਂ ਹੀ ਦੱਸ ਸਕਦਾ ਹੈ ਪਰ ਏਹ ਗੱਲ ਤਾਂ ਸਾਫ ਹੋ ਗਈ ਹੈ ਕਿ ਪ੍ਰੈਸ ਲਾਇਨਜ਼ ਕਲੱਬ ਹੁਣ ਕਈ ਫਾੜ ਹੋ ਗਈ ਹੈ ਜੇ ਇੰਜ ਕਹਿ ਲਿਆ ਜਾਵੇ ਕਿ ਏਹ ਮੋਹਾਲੀ ਤੋਂ ਛੱਪਦੇ ਇੱਕ ਅਖਬਾਰ ਦੀ ਜੱਥੇਬੰਦੀ ਬਣ ਕੇ ਰਹਿ ਗਈ ਹੈ ਤਾਂ ਇਸ ਵਿੱਚ ਵੀ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਂਕਿ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਅਤੇ ਕੈਸ਼ੀਅਰ ਏਸੇ ਅਖਬਾਰ ਦੇ ਪੱਤਰਕਾਰ ਹਨ। ਉਂਝ ਖਦਸ਼ਾ ਹੈ ਕਿ ਇਸਦੀ ਮੌਜੂਦਾ ਟੀਮ ਨੂੰ ਕੋਈ ਅਜਿਹਾ ਵਿਅਕਤੀ ਰੀਮੋਟ ਕੰਟਰੋਲ ਰਾਹੀਂ ਚਲਾ ਰਿਹਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਲੁਧਿਆਣਾ ਦੇ ਪੱਤਰਕਾਰਾਂ ਦਰਮਿਆਨ ਵੀ ਬਾਕੀ ਸ਼ਹਿਰਾਂ ਦੇ ਪੱਤਰਕਾਰਾਂ ਵਾਂਗ ਮਜ਼ਬੂਤ ਇਕ ਹੋਵੇ। 
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਜਦੋਂ ਕਿਸੇ ਨਿਜੀ ਮਜਬੂਰੀ ਕਾਰਨ ਇਸਦੇ ਸੰਸਥਾਪਕ ਪ੍ਰਧਾਨ ਬੱਲੀ ਬਰਾੜ ਨੇ ਇਹ ਅਹੁਦਾ ਛੱਡਣ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਸ ਵੇਲੇ ਬੜੀ ਮੁਸ਼ਕਿਲ ਪ੍ਰਿਤਪਾਲ ਸਿੰਘ ਪਾਲੀ ਹੁਰਾਂ ਨੂੰ ਕਾਰਜਾਕਾਰੀ ਪ੍ਰਧਾਨ ਬਣਾਇਆ ਗਿਆ ਸੀ। ਕਈ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਲਿਹਾਜ਼ ਨਾਲ ਅਸਲੀ ਪ੍ਰਧਾਨ ਤਾਂ ਅਜੇ ਵੀ ਬੱਲੀ ਬਰਾੜ ਹੀ ਹੈ। ਜਨਾਬ ਬੱਲੀ ਬਰਾੜ ਆਪਣੇ ਹੀ ਲਾਏ ਪੌਦੇ ਨੂੰ ਦਰਖਤ ਬਣ ਜਾਣ ਮਗਰੋਂ ਹੁਣ ਕੱਟਿਆ ਜਾਂਦਾ ਕਿਓਂ ਦੇਖ ਰਹੇ ਹਨ ਇਹ ਉਹੀ ਜਾਨਣ। ਬਰਾੜ  ਸਾਹਿਬ ਨੂੰ ਅੱਗੇ ਆ ਕੇ ਇਸ ਟੀਮ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਵਰਨਾ ਗੁਰਪ੍ਰੀਤ ਮਹਿਦੂਦਾਂ ਵਾਂਗ ਹਰ ਅਗਾਂਹਵਧੂ ਪੱਤਰਕਾਰ ਨੂੰ ਇਸ ਕਲੱਬ ਤੋਂ ਅਲੱਗ ਕਰ ਦਿੱਤਾ ਜਾਏਗਾ ਤਾਂਕਿ ਇਸ ਵਿੱਚ ਹੱਕ ਦੀ ਆਵਾਜ਼ ਉਠਾਉਣ ਵਾਲਾ ਕੋਈ ਨਾ ਰਹੇ। 
ਜਦੋਂ ਪਿੱਛੇ ਜਿਹੇ ਸਰਕਾਰੀ ਮਦਦ ਵਾਲਾ ਪ੍ਰੈਸ ਕਲੱਬ ਬਣਾਉਣ ਦਾ ਜ਼ਿੱਦੀ ਤੂਫ਼ਾਨ ਖੜਾ ਕੀਤਾ ਗਿਆ ਅਤੇ ਇਸ ਮਕਸਦ ਲਈ ਸਰਕਟ ਹਾਊਸ ਵਿੱਚ ਡੇਰਾ ਹੀ ਲਾ ਲਿਆ ਗਿਆ  ਸੀ ਉਸ ਵੇਲੇ ਜਿਹਨਾਂ ਨੇ ਖੁੱਲ ਕੇ ਸਟੈਂਡ ਲਿਆ ਉਹਨਾਂ ਵਿੱਚ ਲਾਇਨਜ਼ ਪ੍ਰੈਸ ਕਲੱਬ ਦੇ ਅਗਾਂਹਵਧੂ ਅਹੁਦੇਦਾਰ ਅਤੇ ਮੈਂਬਰ ਵੀ ਸ਼ਾਮਲ ਸਨ। ਜੇ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਭਗਵਾ ਬ੍ਰਿਗੇਡ ਦੇ ਪ੍ਰਭਾਵ ਵਾਲਾ ਪ੍ਰੈਸ ਕਲੱਬ ਬਣ ਚੁੱਕਿਆ ਹੋਣਾ ਸੀ। ਹੁਣ ਵੀ ਇਸਦੀਆਂ ਸਾਜ਼ਿਸ਼ਾਂ ਅੰਦਰਖਾਤੇ ਜਾਰੀ ਹਨ। ਲਾਇਨਜ਼ ਪ੍ਰੈਸ ਕਲੱਬ ਨੂੰ ਕਮਜ਼ੋਰ ਕਰਨਾ ਅਤੇ ਫਿਰ ਟੁਕੜੇ ਟੁਕੜੇ ਕਰ ਕੇ ਖਤਮ ਕਰਨ ਦੇ ਅੰਜਾਮ ਵੱਲ ਲਿਜਾਣਾ ਇਸ ਸਾਜ਼ਿਸ਼ ਦਾ ਹੀ ਹਿੱਸਾ ਹਨ।ਪੀਪਲਜ਼ ਮੀਡੀਆ ਕਲੱਬ ਅਤੇ ਅਤੇ ਹੋਰ ਲੋਕ ਪੱਖੀ ਅਗਾਂਹਵਧੂ ਹਲਕਿਆਂ ਦੀ ਇਸ ਸਾਰੇ ਘਟਨਾਕ੍ਰਮ ਉੱਪਰ ਪੂਰੀ ਨਜ਼ਰ ਹੈ। ਛੇਤੀ ਹੀ ਇਸ ਬਾਰੇ ਇੱਕ ਉਚੇਚੀ ਮੀਟਿੰਗ ਵੀ ਬੁਲਾਈ ਜਾਏਗੀ ਜਿਸ ਵਿੱਚ ਇਸ ਬਾਰੇ ਵਿਸਥਾਰਤ ਚਰਚਾ ਹੋਵੇਗੀ।  ਕੁਲ ਮਿਲਾ ਕੇ ਉਹਨਾਂ ਅਨਸਰਾਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ ਜਿਹੜੇ ਆਪਣੇ ਸਵਾਰਥਾਂ ਅਤੇ ਹੋਰ ਮੰਤਵਾਂ ਕਾਰਨ ਲੁਧਿਆਣਾ ਦੇ ਪੱਤਰਕਾਰਾਂ ਵਿੱਚ ਏਕਤਾ ਨਹੀਂ ਹੋਣ ਦੇਣਾ ਚਾਹੁੰਦੇ। 

ਸਬੰਧਤ ਲਿੰਕ ਵੀ ਦੇਖੋ:





No comments: