Monday, October 09, 2017

ਬਹੁਤ ਪੁਰਾਣਾ ਸੰਬੰਧ ਹੈ ਸ੍ਰੀ ਭੈਣੀ ਸਾਹਿਬ ਦਾ ਲੇਖਕਾਂ ਅਤੇ ਕਾਮਰੇਡਾਂ ਨਾਲ

Last Update: 9th  Oct. 2017 at 17:34 
ਸਤਿਗੁਰੂ ਉਦੈ ਸਿੰਘ ਨੇ ਦਿੱਤਾ ਲੋਕ ਪੱਖੀ ਸੋਚ ਵਾਲਾ ਇੰਨਕਲਾਬੀ ਸੱਦਾ 
ਸਤਿਗੁਰੂ ਰਾਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜੋ 
ਲੁਧਿਆਣਾ: 8 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਪੰਜਾਬੀ ਭਵਨ ਲੁਧਿਆਣਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਅਯੋਜਤ ਕੀਤਾ ਗਿਆ।  ਇਸ ਸਮੇਂ ਮੁੱਖ ਮਹਿਮਾਨ ਵਜੋਂ ਸੰਬੌਧਨ ਕਰਦਿਆਂ ਸਤਿਗੁਰੂ ਉਦੈ ਸਿੰਘ ਜੀ ਨੇ ਸਤਿਗਰੂ ਰਾਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਸੱਦਾ ਦਿੱਤਾ।  ਉਨ੍ਹਾਂ ਆਖਿਆ ਕਿ ਬਹੁਤ ਸਾਰੇ ਦੇਸ਼ ਭਗਤਾਂ ਨੇ ਨਾਮਧਾਰੀ ਅੰਦੋਲਨ ਤੋਂ ਪ੍ਰੇਰਣਾ ਲੈ ਕੇ ਆਜ਼ਾਦੀ ਦੀ ਲੜਾਈ ਵਿਚ ਵੱਡਾ ਯੋਗਦਾਨ ਪਾਇਆ ਹੈ।  ਪ੍ਰਧਾਨਗੀ ਮੰਡਲ ਵਿਚ ਕੇਂਦਰੀ ਸਭਾ ਦੇ ਪ੍ਰਧਾਨ  ਤੇ ਜਨਰਲ ਸਕੱਤਰ ਡਾ ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ ਸਮੇਤ ਪੰਜਾਬੀ ਸਾਹਿਤ ਅਕਡਾਮੀ ਦੇ ਪ੍ਰਧਾਨ ਡਾ ਸੁਖਦੇਵ ਸਿੰਘ ਸਿਰਸਾ, ਪੰਜਾਬੀ ਅਕਾਦੇਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਨਾਮਧਾਰੀ ਵਿਦਿਅਕ ਜਥੇ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਸਾਬਕਾ ਮੈਂਬਰ ਪਾਰਲੀਮੈਂਟ ਹਰਵਿੰਦਰ ਸਿੰਘ ਹੰਸਪਾਲ, ਉਘੇ ਵਿਦਵਾਨ ਸੁਵਰਨ ਸਿੰਘ ਵਿਰਕ ਅਤੇ ਜਗਮੋਹਨ ਸਿੰਘ ਓਸਟਰ ਸ਼ਾਮਿਲ ਸਨ। ਇਸੇ ਦੌਰਾਨ ਕੁਝ ਜ਼ਿੰਮੇਵਾਰ ਸੂਤਰਾਂ ਨੇ ਦੱਸਿਆ ਕਿ ਸ੍ਰੀ ਭੈਣੀ ਸਾਹਿਬ ਦਾ ਲੇਖਕਾਂ ਅਤੇ ਕਾਮਰੇਡਾਂ ਨਾਲ ਬਹੁਤ ਪੁਰਾਣਾ ਸੰਬੰਧ ਹੈ। 
ਉਘੇ ਵਿਦਵਾਨ ਸੁਵਰਨ ਸਿੰਘ ਵਿਰਕ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਾਫੀ ਵਿਸਥਾਰਤ ਗੱਲਾਂ ਕੀਤੀਆਂ ਜਿਨ੍ਹਾਂ ਵਿਚ ਨਾਮਧਾਰੀ ਅੰਦੋਲਨ ਦੀਆਂ ਉਘੀਆਂ ਘਟਨਾਵਾਂ ਅਤੇ ਹੁਕਮਨਾਮਿਆਂ ਦੇ ਹਵਾਲੇ ਨਾਲ ਲਹਿਰ ਦੀ ਵਿਚਾਰਧਾਰਾ ਨੂੰ ਉਘਾੜ ਕੇ ਪੇਸ਼ ਕੀਤਾ ਤੇ ਕਿਹਾ ਕਿ ਇਹ ਲਹਿਰ ਅੰਤਮ ਰੂਪ ਵਿਚ ਰਜਵਾੜਾਸ਼ਾਹੀ, ਸ਼ਾਮੰਤਸ਼ਾਹੀ ਅਤੇ ਨਵਵਸਤੀਵਾਦ ਵਿਰੋਧੀ ਹੋ ਨਿਬੜਦੀ ਹੈ।  
ਪਰਚਾ ਪੇਸ਼ ਕਰਨ ਵਾਲਿਆਂ ਵਿਚ ਡਾ ਹਰਵਿੰਦਰ ਸਿਰਸਾ ਨੇ ਇੰਦਰ ਸਿੰਘ ਚੱਕਰਵਰਤੀ ਦੇ ਮਹਾਂ-ਕਾਵਿ ਦੇ ਹਵਾਲੇ ਨਾਲ ਨਾਮਧਾਰੀ ਵਿਚਾਰਾਂ ਨੂੰ ਸਾਹਿਤ ਦੇ ਸੰਦਰਭ ਵਿਚ ਵਾਚਿਆ। 
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣਾ ਪੇਪਰ ਪੇਸ਼ ਕਰਦਿਆਂ ਨਾਮਧਾਰੀ ਅੰਦੋਲਨ ਦੇ ਸੱਚੇ-ਸੁੱਚੇ ਸਿਧਾਂਤ ਤੇ ਵਿਹਾਰ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਿਧਾਂਤ ਸਵੈ-ਸਵੱਛਤਾ ਤੋਂ ਸ਼ੁਰੂ ਹੋ ਕੇ ਸਖਸ਼ੀਅਤ ਉਸਾਰੀ ਕਰਦਾ ਹੋੋੋਇਆ ਵਸਤੀਵਾਦ ਤੇ ਸਾਮਰਾਜ ਵਿਰੋਧੀ ਹੋ ਨਿਬੜਿਆ।
ਸਵਰਨ ਸਿੰਘ ਸਨੇਹੀ ਨੇ ਪੇਪਰ ਪੇਸ਼ ਕਰਦਿਆਂ ਨਾਮਧਾਰੀ ਸਿਧਾਂਤ ਨੂੰ ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵਿਚਾਰਦਿਆਂ ਆਖਿਆ ਕਿ ਇਸ ਵਿਸ਼ੇ ਦਾ ਵਿਗਿਆਨਕ ਖਾਸਾ ਹੋਣ ਕਰਕੇ ਸਾਰਥਿਕਤਾ ਹੋਰ ਵੀ ਵੱਧ ਜਾਂਦੀ ਹੈ।
ਡਾ ਗੁਰਦੇਵ ਸਿੰਘ ਸਿੱਧੂ ਨੇ ਸਤਿਗੁਰੂ ਰਾਮ ਸਿੰਘ ਜੀ ਦਾ ਮਿਸ਼ਨ ਕਥਨੀ ਤੇ ਕਰਨੀ ਦੀ ਲੋਅ ਵਿਚ ਤੇ ਵਿਚਾਰ ਕਰਦਿਆਂ ਕਿਹਾ ਕਿ ਸਤਿਗੁਰੂ ਜੀ ਦੇ ਮਿਸ਼ਨ ਕਾਰਣ ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿਚ ਅਹਿਮ ਸਥਾਨ ਮਿਲਿਆ।
ਪ੍ਰਧਾਨਗੀ ਭਾਸ਼ਣ ਕਰਦਿਆਂ ਡਾ ਸੁਖਦੇਵ ਸਿੰਘ ਸਿਰਸਾ ਨੇ ਸਤਿਗੁਰੂ ਜੀ ਦੇ ਪੰਜਾਬ ਵਿਚ ਕੀਤੇ  ਕੰਮ ਨੂੁੰ ਬੰਗਾਲੀਆਂ ਦੇ ਪੁਨਰ-ਜਾਗਰਨ ਲਈ ਕੀਤੇ ਕੰਮ ਨਾਲ ਤੁਲਨਾਇਆ। ਉਨ੍ਹਾਂ ਕਿਹਾ ਸਿੱਖਾਂ ਦੀ ਆਚਰਨ ਉਸਾਰੀ ਦਾ ਕੰਮ ਘਟਾ ਕੇ ਨਹੀਂ ਵੇਖਿਆ ਜਾ ਸਕਦਾ।  
ਸੰਤ ਹਰਪਾਲ ਸਿੰਘ ਜੀ ਨੇ ਸਤਿਗੁਰੂ ਜੀ ਦਾ ਕਾਦਰ ਦੀ ਕੁਦਰਤ ਨਾਲ ਲਗਾਉ ਦਾ ਜਿਕਰ ਕਰਦਿਆਂ ਦੱਸਿਆਂ ਕਿ ਉਹ ਰੁੱਖਾਂ ਦੇ ਪਾਲਕ ਸਨ, ਗੳੂ ਗਰੀਬ ਦੇ ਰਾਖੀ ਕਰਨ ਵਾਲੇ  ਅਤੇ ਵਿਸ਼ਵ ਦੀ ਸੁਤੰਤਰਤਾ ਦੇ ਇੰਨੇ ਹਮਾਇਤੀ ਸਨ ਕਿ ਪੰਛੀਆਂ ਦੇ ਮਾਲਕਾਂ ਨੂੰ ਪੈਸੇ ਦੇ ਕੇ ਪਿੰਜਰਿਆਂ ਚੋਂ ਉਡਾ ਦਿੰਦੇ ਸਨ।  
ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ 1857 ਤੋਂ ਬਾਅਦ ਇਕ ਅਜੇਹੀ ਆਜ਼ਾਦੀ ਦੀ ਲਹਿਰ ਖੜੀ ਕੀਤੀ, ਜਿਸ ਤੇ ਪੰਜਾਬੀ ਅਤੇ ਸਿੱਖ ਮਾਣ ਕਰ ਸਕਦੇ ਹਨ। 
ਕੇਂਦਰੀ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਨੇ ਕਿਹਾ ਕਿ ਕੇਂਦਰੀ ਸਭਾ ਵਲੋਂ ਸਤਿਗੁਰੂ ਰਾਮ ਸਿੰਘ ਅਤੇ ਸਮੁੱਚੇ ਅੰਦੋਲਨ ਬਾਰੇ ਸੈਮੀਨਾਰ ਕਰਨਾ ਅਜੋਕੇ ਸਮਿਆਂ ਦੀ ਪ੍ਰਸੰਗਿਕ ਚੁਣੌਤੀ ਹੈ।  ਅਜਿਹੀਆਂ ਸਖਸ਼ੀਅਤਾਂ ਤੋਂ ਪ੍ਰੇਰਣਾ ਲੈਣਾ ਸਾਡੇ ਸਮਿਆਂ ਦੇ ਮਸਲਿਆਂ ਨਾਲ ਸਨਮੁਖ ਹੋਣਾ ਹੈ।  ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ ਲਧਿਆਣਾ, ਪੰਜਾਬੀ ਅਕਾਡੈਮੀ ਦਿੱਲੀ, ਸਮਾਗਮ ਦੇ ਕਨਵੀਨਰ ਡਾ ਗੁਲਜ਼ਾਰ ਸਿੰਘ ਪੰਧੇਰ ਅਤੇ ਕੋ-ਕਨਵੀਨਰ ਜਸਵੀਰ ਝੱਜ, ਦਲਵੀਰ ਸਿੰਘ ਲੁਧਿਆਣਵੀ, ਸਾਹਿਤ ਸਭਾ ਜਗਰਾਓ ਅਤੇ ਲਿਖਾਰੀ ਸਭਾ ਰਾਮਪੁਰ ਦਾ ਧੰਨਵਾਦ। ਨਾਮਧਾਰੀ ਦਰਬਾਰ ਭੈਣੀ ਸਾਹਿਬ ਅਤੇ ਸੂਬਾ ਹਰਭਜਨ ਸਿੰਘ ਦੀ ਟੀਮ ਦਾ ਸ਼ੁੱਧ ਅਤੇ ਸੁਆਦਲੇ ਲੰਗਰ ਲਈ ਵਿਸ਼ੇਸ ਧੰਨਵਾਦ ਕੀਤਾ। 
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ ਸੁਰਜੀਤ ਸਿੰਘ, ਸੁਰਿੰਦਰ ਕੈਲੇ, ਪਿ੍ਰੰ: ਪ੍ਰੇਮ ਸਿੰਘ ਬਜਾਜ, ਡਾ ਲਖਵਿੰਦਰ ਜੌਹਲ, ਕਰਮ ਸਿੰਘ ਵਕੀਲ, ਸੂਬਾ ਸੁਰਿੰਦਰ ਕੌਰ ਖਰਲ,    ਸੁਖਵਿੰਦਰ ਅੰਮਿ੍ਰਤ, ਦਲਜੀਤ ਸ਼ਾਹੀ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਪ੍ਰਧਾਨ ਅਵਤਾਰ ਸਿੰਘ, ਹਰਬੰਸ ਅਖਾੜਾ, ਹਨੀਫ ਅਨਸਾਰੀ, ਰਬਿੰਦਰ ਦੀਵਾਨਾ, ਇੰਜ: ਸੁਰਜਨ ਸਿੰਘ, ਪੰਮੀ ਹਬੀਬ, ਮੂਲ ਚੰਦ ਸ਼ਰਮਾ, ਬਲਵਿੰਦਰ ਗਲੈਕਸੀ, ਰਘਬੀਰ ਸੰਧੂ, ਸਵਰਨ ਪੱਲ੍ਹਾ, ਇੰਦਰਜੀਤ ਰੂਪੈਵਾਲੀ, ਰਾਮ ਸਰੂਪ ਰਿਖੀ,  ਪ੍ਰਗਟ ਸਿੰਘ ਗਰੇਵਾਲ, ਸੁਰਜੀਤ ਜੱਜ, ਭਗਵੰਤ ਰਸੂਲਪੁਰੀ, ਇੰਦਰਜੀਤ ਪਾਲ ਕੌਰ, ਜਸਮੀਤ ਕੌਰ, ਅਮਰਜੀਤ ਹਿਰਦੈ, ਗੁਰਦੀਪ ਲੋਪੋ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਬਲਦੇਵ ਝੱਜ, ਪੰਡਤ ਜਗਮੋਹਨ ਸਿੰਘ, ਮਨਜੀਤ ਸਿੰਘ ਮਹਿਰਮ, ਬਲਵਿੰਦਰ ਸਿੰਘ ਚਹਿਲ, ਬਲਦੇਵ ਸਿੰਘ , ਸਿਮਰਤ ਸੁਮੈਰਾ, ਡਾ ਸੁਰਿੰਦਰ ਕੰਵਲ ਆਦਿ ਸ਼ਾਮਿਲ ਸਨ।   
ਕਾਮਰੇਡਾਂ ਅਤੇ ਲੇਖਕਾਂ ਦਾ ਸ੍ਰੀ ਭੈਣੀ ਸਾਹਿਬ ਨਾਲ ਬਹੁਤ ਪੁਰਾਣਾ ਸੰਬੰਧ ਹੈ 
ਸ੍ਰੀ ਭੈਣੀ ਸਾਹਿਬ ਨਾਲ ਲੇਖਕਾਂ ਅਤੇ ਕਾਮਰੇਡਾਂ ਦੇ ਸਬੰਧਾਂ ਉੱਤੇ ਉਂਗਲੀ  ਉਠਾਏ ਜਾਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ।ਇਸ ਸਬੰਧੀ ਫਿਲਹਾਲ ਭਾਵੇਂ ਨਜ਼ਰਅੰਦਾਜ਼ ਕਰਨ ਵਾਲੀ ਨੀਤੀ ਹੀ ਅਪਣਾਈ ਗਈ ਹੈ ਪਰ ਇਸ ਦੇ ਬਾਵਜੂਦ ਇਸ ਨਾਲ ਸਬੰਧਤ ਤੱਥਾਂ ਦੀ ਚਰਚਾ ਵੱਖ ਵੱਖ ਟੋਲੀਆਂ ਵਿੱਚ ਹੁੰਦੀ ਰਹੀ। ਕੁਝ ਜ਼ਿੰਮੇਵਾਰ ਸੂਤਰਾਂ ਨੇ ਦੱਸਿਆ ਕਿ ਲੇਖਕਾਂ ਅਤੇ ਕਾਮਰੇਡਾਂ ਦਾ ਸਬੰਧ ਸ੍ਰੀ ਭੈਣੀ ਸਾਹਿਬ ਨਾਲ ਬਹੁਤ ਪੁਰਾਣਾ ਹੈ ਅਤੇ ਪੂਰੀ ਤਰ੍ਹਾਂ ਫਖਰਯੋਗ ਹੈ। ਇਹਨਾਂ ਵਿਰਾਸਤੀ ਸਬੰਧਾਂ ਵਿੱਚ  ਕੁਝ ਵੀ ਲੁਕਾਉਣ ਵਾਲੀ ਗੱਲ ਕਦੇ ਵੀ ਨਹੀਂ ਸੀ। ਇਸ ਸਬੰਧੀ ਪ੍ਰਸਿੱਧ ਲੇਖਕ ਸੁਰਜੀਤ ਖੁਰਸ਼ੀਦੀ ਦਾ ਹਵਾਲਾ ਵੀ ਦਿੱਤਾ ਗਿਆ ਜਿਸਦਾ ਬੁਢਾਪਾ ਸ੍ਰੀ ਭੈਣੀ ਸਾਹਿਬ ਨੇ ਸੰਭਾਲਿਆ ਸੀ। ਲੇਖਕਾਂ ਨੂੰ ਸ਼ਾਂਤ ਅਤੇ ਨਿਸ਼ਚਿੰਤ ਲਿਖਣ ਵਾਲਾ ਮਾਹੌਲ ਬਿਨਾ ਕਿਸੇ ਖਰਚੇ ਦੇ ਮੁਹਈਆ ਕਰਾਉਣਾ ਸ਼ਾਇਦ ਸ੍ਰੀ ਭੈਣੀ ਸਾਹਿਬ ਦੇ ਹਿੱਸੇ ਹੀ ਆਇਆ ਸੀ। ਪੱਤਰਾਂ ਪਾਠ ਦੇ ਵਿਵਾਦ ਦਾ ਵੀ ਜ਼ਿਕਰ ਛਿੜਿਆ ਜਦੋਂ ਕਾਮਰੇਡ ਜਗਜੀਤ ਸਿੰਘ ਆਨੰਦ ਹੁਰਾਂ ਨੇ ਖੁੱਲ੍ਹ ਕੇ ਨਾਮਧਾਰੀ ਸੰਪਰਦਾ ਦਾ ਪੱਖ ਲਿਆ ਸੀ। ਇਸਤੋਂ ਇਲਾਵਾ ਆਮ ਜਨਤਾ ਅਤੇ ਕੁਝ ਖਾਸ ਲੋਕਾਂ ਦੇ ਭਲੇ ਲਈ ਵੀ ਬਹੁਤ ਕੁਝ ਅਜਿਹਾ ਹੋਇਆ ਜਿਹੜਾ ਸ਼ਾਇਦ ਸ੍ਰੀ ਭੈਣੀ ਸਾਹਿਬ ਵਿਖੇ ਹੀ ਹੋ ਸਕਦਾ ਸੀ। ਇਹ ਸਭ ਕੁਝ ਕਿਸੇ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਸੀ। ਪੰਜਾਬ ਦੇ ਹਾਲਾਤ ਨਾਜ਼ੁਕ ਸਨ। ਬਹੁਤ ਕੁਝ ਬਹੁਤ ਥਾਵਾਂ 'ਤੇ ਪਰਦੇ ਵਿੱਚ ਰੱਖਿਆ ਜਾਂਦਾ ਸੀ। ਇਸ ਲਈ ਹੁਣ ਵੀ ਬਹੁਤ ਸਾਰੇ ਜ਼ਿੰਮੇਵਾਰ ਸੂਤਰਾਂ ਨੇ ਤਾਕੀਦ ਕੀਤੀ ਕਿ ਸਾਡਾ ਨਾਮ ਜ਼ਾਹਿਰ ਨਾ ਹੋਵੇ। ਇਸਦਾ ਸਬੰਧ ਪੰਜਾਬ ਦੇ ਅਮਨ ਅਤੇ ਸੁਰੱਖਿਆ ਕਾਰਣਾਂ  ਨਾਲ ਵੀ ਜੁੜਿਆ ਹੋਇਆ ਹੈ। 
ਇਸਦੇ ਨਾਲ ਹੀ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਸ੍ਰੀ ਭੈਣੀ ਸਾਹਿਬ ਦਾ ਵਿਵਾਦ ਇੱਕ ਪਰਿਵਾਰਿਕ ਵਿਵਾਦ ਹੈ ਜਿਹੜਾ ਕੋਈ ਨਵਾਂ ਨਹੀਂ। ਇਸ ਵੇਲੇ ਇਹ ਵਿਵਾਦ ਦੋ ਸੱਕੇ ਭਰਾਵਾਂ ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਦਰਮਿਆਨ ਚੱਲ ਰਿਹਾ ਹੈ।  ਜੇ ਠਾਕੁਰ ਉਦੈ ਸਿੰਘ ਨੇ ਪੰਜਾਬੀ ਭਵਨ ਵਿਖੇ ਸੈਮੀਨਾਰ ਕਰਾਇਆ ਤਾਂ ਠਾਕੁਰ ਦਲੀਪ ਸਿੰਘ ਨੇ ਪਾਉਂਟਾ ਸਾਹਿਬ ਵਿਖੇ 2 ਅਕਤੂਬਰ ਨੂੰ ਕਵੀ ਦਰਬਾਰ ਕਰਾਇਆ।  ਕੁਲ ਮਿਲਾ ਕੇ ਦੋਵੇਂ ਭਰਾ ਅਤੇ ਉਹਨਾਂ ਦੇ ਮਗਰ ਲੱਗੀ ਸੰਗਤ ਆਪੋ ਆਪਣੀ ਵਿੱਤ ਅਤੇ ਸਮਰਥਾ ਅਨੁਸਾਰ ਸ੍ਰੀ ਭੈਣੀ ਸਾਹਿਬ ਦੇ ਮਿਸ਼ਨ ਨੂੰ ਹੀ ਅੱਗੇ ਲਿਜਾ ਰਹੇ ਹਨ।  ਮਾਤਾ ਚੰਦ ਕੌਰ ਦੇ ਕਤਲ ਮਗਰੋਂ ਨਾਮਧਾਰੀ ਸੰਪਰਦਾ ਦੇ ਦੋਹਾਂ ਧੜਿਆਂ ਦੀ ਵੰਡ ਜ਼ਿਆਦਾ ਤਿੱਖੀ ਹੋਈ ਲੱਗਦੀ ਹੈ ਪਰ ਕੀ ਇਸ ਨਾਲ ਸ੍ਰੀ ਭੈਣੀ ਸਾਹਿਬ ਦੇ ਸਿਧਾਂਤ ਅਤੇ ਅਸੂਲ ਬਦਲ ਜਾਣਗੇ? 
ਉਮੀਦ ਹੈ ਲੇਖਕ ਸਭਾਵਾਂ, ਕਾਮਰੇਡ ਅਤੇ ਨਾਮਧਾਰੀ ਸੰਪਰਦਾ ਦੇ ਦੋਵੇਂ ਧੜੇ ਵੀ ਇਸ ਬਾਰੇ ਛੇਤੀ ਹੀ ਨੀਤੀ ਬਿਆਨ ਵੀ ਜਾਰੀ ਕਰਨਗੇ ਤਾਂਕਿ ਸਭ ਕੁਝ ਸਭ ਦੇ ਸਾਹਮਣੇ ਸਪਸ਼ਟ ਹੋ ਸਕੇ। 
ਨੁਕਤੇ ਆਪਣੇ ਅੰਦਰੋਂ ਹੀ ਪੈਦਾ ਕਰ ਲਏ ਗਏ ਹਨ-ਡਾ.ਪੰਧੇਰ 
ਸਤਿਗੁਰੂ ਰਾਮ ਸਿੰਘ ਜੀ ਦੇ ਜਨਮ ਸ਼ਤਾਬਦੀ ਸਬੰਧੀ ਹੋਏ ਸੈਮੀਨਾਰ ਸਬੰਧੀ ਜੋ ਕਿੰਤੂ ਪ੍ਰੰਤੂ ਸੋਸ਼ਲ ਮੀਡੀਆ ਤੇ ਆਇਆ ਹੈ ਉਸ ਬਾਰੇ ਸੰਖੇਪ ਸਪੱਸ਼ਟੀਕਰਨ ਵੀ ਪ੍ਰਾਪਤ ਹੋਇਆ ਹੈ ਜਿਹੜਾ ਆਯੋਜਕਾਂ ਵਿੱਚੋਂ ਇੱਕ ਪ੍ਰਸਿੱਧ ਲੇਖਕ ਡਾ ਗੁਲਜ਼ਾਰ ਪੰਧੇਰ ਹੁਰਾਂ ਨੇ ਜਾਰੀ ਕੀਤਾ ਹੈ। ਉਹਨਾਂ ਇਸ ਬਾਰੇ ਕਿਹਾ ਹੈ ਕਿ ਨੁਕਤੇ ਆਪਣੇ ਅੰਦਰੋਂ ਹੀ ਪੈਦਾ ਕਰ ਲਏ ਗਏ ਹਨ। ਕਾਮਰੇਡ, ਗੁਰੂ ਡੰਮ, ਵਰਗੇ ਨੁਕਤੇ ਬਣਾ ਕੇ... ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਬੰਧ ਨਾਮਧਾਰੀ ਤਹਿਰੀਕ ਨਾਲ ਸ਼ੁਰੂ ਤੋਂ ਰਿਹਾ ਹੈ.. ਕੇਂਦਰੀ ਪੰਜਾਬੀ ਲੇਖਕ ਸਭਾ ਇੱਕ ਜਮਹੂਰੀ ਸੰਸਥਾ ਹੈ, ਤੇ ਇਹ ਸੈਮੀਨਾਰ ਸੰਸਥਾ ਵਿੱਚ ਜਮਹੂਰੀ ਤਰੀਕੇ ਨਾਲ ਸਰਵ ਸੰਮਤ ਫੈਸਲਾ ਲੈਕੇ ਹੀ ਕੀਤਾ ਗਿਆ ਹੈ.....

No comments: