Sunday, October 08, 2017

IPTA Punjab:ਅਹਿਮ ਇਕੱਤਰਤਾ 8 ਅਕਤੂਬਰ ਨੂੰ ਲੁਧਿਆਣਾ ਵਿੱਚ

ਦਸੰਬਰ ਦੀ ਕੌਮੀ ਕਾਰਜਕਾਰਨੀ ਮੀਟਿੰਗ ਬਾਰੇ ਹੋਣਗੀਆਂ ਅਹਿਮ ਵਿਚਾਰਾਂ 
ਲੁਧਿਆਣਾ: 7 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਲੋਕ-ਪੱਖੀ ਵਿਚਾਰਾਂ ਉੱਤੇ ਲਗਾਤਾਰ ਹੋ ਰਹੇ ਫਾਸ਼ੀ ਅਤੇ ਫਿਰਕੂ ਹਮਲਿਆਂ ਤੋਂ ਬਾਅਦ ਖਦਸ਼ਾ ਸੀ ਕਿ ਸ਼ਾਇਦ ਇਪਟਾ ਬਿਲਕੁਲ ਹੀ ਖਤਮ ਹੋ ਜਾਏਗੀ ਪਰ ਇਪਟਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਸਾਹਮਣੇ ਆ ਰਹੀ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚੋਂ ਵੀ ਇਪਟਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ। ਇਸਦੀ ਕੌਮੀ ਕਾਰਜਕਾਰਨੀ ਦੀ ਦੋ ਦਿਨਾਂ ਮੀਟਿੰਗ ਜਿੱਥੇ ਦਸੰਬਰ-2017 ਦੇ ਪਹਿਲੇ ਹਫਤੇ ਕਪੂਰਥਲਾ ਵਿਖੇ ਹੋਣੀ ਹੈ ਉੱਥੇ ਇਸਦੀ ਤਿਆਰੀ ਕਮੇਟੀ ਦੀ ਮੀਟਿੰਗ 8 ਅਕਤੂਬਰ 2017 ਨੂੰ ਲੁਧਿਆਣਾ ਵਿੱਚ ਰੱਖੀ ਗਈ ਹੈ। 
ਇਪਟਾ ਦੇ ਸਰਗਰਮ ਕਾਰਕੁੰਨ ਸੰਜੀਵਨ ਸਿੰਘ, ਇੰਦਰਜੀਤ ਸਿੰਘ ਰੂਪੋਵਾਲੀ ਅਤੇ ਪ੍ਰਦੀਪ ਸ਼ਰਮਾ ਤੋਂ ਮਿਲੇ ਵੇਰਵਿਆਂ ਮੁਤਾਬਿਕ  ਇਪਟਾ, ਪੰਜਾਬ ਦੀ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਲੁਧਿਆਣਾ ਵਿਖੇ 8 ਅਕਤੂਬਰ 2017, ਐਤਵਾਰ ਨੂੰ ਸਵੇਰੇ 11.00 ਵਜੇ ਪੰਜਾਬੀ ਭਵਨ ਵਿੱਚ ਹੋਣੀ ਹੈ। ਪਹਿਲਾਂ ਇਹ ਮੀਟਿੰਗ ਕਰਨੈਲ ਸਿੰਘ ਈਸੜੂ ਭਵਨ, ਇੰਦਰਾ ਨਗਰ, ਬਸਤੀ ਅਬਦੁੱਲਾ ਪੁਰ, ਲੁਧਿਆਣਾ ਵਿਖੇ ਹੋਣੀ ਸੀ ਪਰ ਬਾਅਦ ਵਿੱਚ ਪ੍ਰਬੰਧਕੀ ਕਾਰਨਾਂ ਕਰਕੇ ਇਸਦਾ ਸਥਾਨ ਪੰਜਾਬੀ ਭਵਨ ਵਿੱਚ ਕਰ ਦਿੱਤਾ ਗਿਆ। ਕਾਰਜਕਾਰਨੀ ਦੀ ਇਸ ਵਿਸ਼ੇਸ਼ ਮੀਟਿੰਗ ਵਿਚ 1-2 ਦਸੰਬਰ,2017 ਆਰ.ਸੀ.ਐਫ. ਕਪੂਰਥਲਾ ਵਿਖੇ ਹੋ ਰਹੀ ਦੇਸ਼ ਭਰ ਦੀਆਂ ਇਪਟਾ ਇਕਾਈ ਦੇ ਪ੍ਰਧਾਨ, ਜਨਰਲ ਸੱਕਤਰਾਂ ਦੀ ਸ਼ਮੂਲੀਅਤ ਵਾਲੀ ਦੋ ਰੋਜਾ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਅਯੋਜਨ ਬਾਰੇ ਵਿਚਾਰ ਵਿਟਾਂਦਰਾ ਹੋਵੇਗਾ।
ਇਹ ਜਾਣਕਾਰੀ ਦਿੰਦੇ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦਿੰਦੇ ਕਿਹਾ ਕਿ ਅਗਸਤ ਮਹੀਨੇ ਪਟਨਾ (ਬਿਹਾਰ) ਵਿਖੇ ਇਪਟਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾ ਵਿਚ ਇਪਟਾ ਦੀਆਂ ਰਾਸ਼ਟਰ ਪੱਧਰ ਦੀ ਸਰਗਰੀਆਂ ਵਿਚ ਤੇਜ਼ੀ ਲਿਆਉਣ ਲਈ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਪ੍ਰਾਂਤਾ ਵਿਚ ਵੀ ਰਾਸ਼ਟਰੀ ਕਾਰਜਾਰਨੀਆਂ ਦੀ ਮੀਟਿੰਗਾਂ ਕਰਨ ਦੇ ਫੈਸਲੇ ਤੋਂ ਇਲਾਵਾ ਇਪਟਾ ਦੀ 75 ਵੀਂ ਵਰ੍ਹੇ ਗੰਢ ਇਪਟਾ ਦੀਆਂ ਸੂਬਾ ਇਕਾਈਆਂ ਵੱਲੋਂ ਸੂਬਾ ਪੱਧਰੀ ਅਤੇ ਪਟਨਾ (ਬਿਹਾਰ) ਵਿਖੇ ਰਾਸ਼ਟਰੀ ਪੱਧਰੀ  ਸਮਾਰੋਹ ਅਕੂਤਬਰ 2018 ਵਿਚ ਅਯੋਜਿਤ ਕਰਨ ਬਾਰੇ ਰੂਪ-ਰੇਖਾ ਉਲੀਕਣ ਤੋਂ ਇਲਾਵਾ ਇਪਟਾ ਦੀਆਂ ਪਬਲੀਕੇਸ਼ਨਾਂ ਦੇ ਐਡੀਟਰਾਂ ਬਾਰੇ ਫੈਸਲਾ, ਸਾਰੇ ਦੇਸ਼ ਵਿਚ ਕਿਸਾਨੀ ਮਸਲਿਆਂ ਬਾਰੇ ਸਭਿਆਚਾਰਕ ਯਾਤਰਾਵਾਂ, ਯੁਵਕ ਅਤੇ ਲੋਕ ਮੇਲਿਆਂ ਦੇ ਅਯੋਜਨਾਂ ਅਤੇ ਹੋਰ ਜੱਥੇਬੰਦਕ ਮਸਲੇ ਵਿਚਾਰੇ ਦਾ ਵੀ ਫੈਸਲਾ ਕੀਤਾ ਗਿਆ।

No comments: