Monday, February 05, 2018

ਪਤਝੜ ਮਾਰੇ ਲੋਕਾਂ ਦੀ ਜ਼ਿੰਦਗੀ 'ਚ ਬਸੰਤ ਲਿਆਉਣ ਦਾ ਸੰਕਲਪ ਸੀ ਇਹ ਮੇਲਾ

ਦੋਹਾਂ ਮਾਵਾਂ ਦੇ ਤੁਰ ਜਾਣ ਮਗਰੋਂ ਬਹੁਤ ਅਹਿਮ ਸੀ ਇਹ ਨਾਮਧਾਰੀ ਸਮਾਗਮ
ਠਾਕੁਰ ਦਲੀਪ ਸਿੰਘ ਵੱਲੋਂ ਦਿੱਤੇ ਸੰਦੇਸ਼ ਨੇ ਫਿਰ ਜਗਾਈ ਏਕੇ ਦੀ ਉਮੀਦ 
ਲੁਧਿਆਣਾ: 4 ਫਰਵਰੀ 2018: (ਪੰਜਾਬ ਸਕਰੀਨ ਟੀਮ)::
ਜੰਗ-ਏ-ਆਜਾਦੀ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ 203 ਵਾਂ ਪ੍ਰਕਾਸ਼ ਪੁਰਬ ਅਤੇ ਬਸੰਤ ਪੰਚਮੀ ਮੇਲਾ ਸੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਾਵਨ ਛਤਰ ਛਾਇਆ ਹੇਠ ਸਤਿਗੁਰੂ ਰਾਮ ਸਿੰਘ ਜੀ ਮਾਰਗ ਵਿਖੇ ਮਨਾਇਆ ਗਿਆ ਜਿਸਨੂੰ ਆਮ ਲੋਕ ਚੰਡੀਗੜ੍ਹ ਰੋਡ ਵੱਜੋਂ ਜਾਣਦੇ ਹਨ। ਭੈਣੀ ਸਾਹਿਬ ਨਾਲ ਜੋੜਣ ਵਾਲੀ ਇਸ ਚੰਡੀਗੜ੍ਹ ਰੋਡ 'ਤੇ ਸਥਿਤ ਹੈ ਵਰਧਮਾਨ ਮਿਲ ਦੇ ਨੇੜੇ ਗਲਾਡਾ ਗਰਾਊਂਡ। ਇਸ ਖੁਲ੍ਹੇ ਮੈਦਾਨ ਵਿੱਚ ਸੁਸ਼ੋਭਿਤ ਸੀ ਨਾਮਧਾਰੀ ਸੰਗਤ। ਜਿਸਨੇ ਬੜੀ ਸ਼ਰਧਾਪੂਰਕ ਇਸ ਸਮਾਗਮ ਨੂੰ ਮਨਾਇਆ। ਮਾਤਾ ਚੰਦ ਕੌਰ ਅਤੇ ਬੇਬੇ ਦਲੀਪ ਕੌਰ ਦੇ ਤੁਰ ਜਾਣ ਤੋਂ  ਬਾਅਦ ਏਕੇ ਦੀ ਜਿਹੜੀ ਉਮੀਦ ਪੂਰੀ ਤਰਾਂ ਖਤਮ ਹੋ ਗਈ ਸੀ ਉਹ ਉਮੀਦ ਇਸ ਸਮਾਗਮ ਨਾਲ ਇੱਕ ਵਾਰ ਫੇਰ ਜਾਗ ਪਈ ਹੈ। ਇਸ ਲਈ ਬਹੁਤ ਹੀ ਖਾਸ ਸੀ ਬਸੰਤ ਪੰਚਮੀ ਦਾ ਇਹ ਯਾਦਗਾਰੀ ਸਮਾਗਮ। ਸਟੇਜ ਤੋਂ ਹਰਪ੍ਰੀਤ ਕੌਰ "ਪ੍ਰੀਤ" ਦੀ ਸ਼ਾਇਰਾਨਾ ਅੰਦਾਜ਼ ਵਾਲੀ ਆਵਾਜ਼ ਦੂਰ ਬੈਠੀਆਂ ਸੰਗਤਾਂ ਨੂੰ ਵੀ ਸਟੇਜ ਦੇ ਨੇੜੇ ਬੁਲਾ ਰਹੀ ਸੀ। ਜਲੰਧਰ ਤੋਂ ਆਈ ਸੰਗਤ ਦੀ ਸਰਗਰਮ ਪੱਤਰਕਾਰ ਪ੍ਰਿੰਸੀਪਲ ਰਾਜਪਾਲ ਕੌਰ ਬੜੀ ਹੀ ਨਿਮਰਤਾ ਨਾਲ ਆਈਆਂ ਸੰਗਤਾਂ ਦੇ ਚਰਨਾਂ ਨੂੰ ਧੋਣ ਵਿੱਚ ਮਗਨ ਸਨ। ਕੁਲਦੀਪ ਕੌਰ ਸੰਗਤਾਂ ਨਾਲ ਸਮਾਜ ਦੇ ਕਮਜ਼ੋਰ ਤਬਕੇ ਨੂੰ ਉੱਚਾ ਉਠਾਉਣ ਦੀ ਸਬੀਲਾਂ ਕਰ ਰਹੀ ਸੀ। 
ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਾਮਧਾਰੀ ਸੰਗਤਾਂ ਨੇ ਇਸ ਬਸੰਤ ਪੰਚਮੀ ਮੇਲੇ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਆਰੰਭਤਾ ਸਵੇਰੇ ਆਸਾ ਜੀ ਦੀ ਵਾਰ ਨਾਲ ਹੋਈ ਅਤੇ ਨਾਮਧਾਰੀ ਪੰਥ ਦੇ ਸਿਰਮੋਰ ਜਥੇਦਾਰਾਂ ਨੇ ਨਾਮ ਬਾਣੀ ਦੇ ਮਨੋਹਰ ਕੀਰਤਨ ਨਾਲ ਬਾਬਾ ਛਿੰਦਾ ਜੀ ਮੁਹਾਵੇ ਵਾਲੇ, ਜਥੇਦਾਰ ਇਕਬਾਲ ਸਿੰਘ, ਜਥੇਦਾਰ ਗੁਰਦੀਪ ਸਿੰਘ, ਜਥੇਦਾਰ ਲੁਹਾਰਾਂ ਵਾਲਿਆ ਨੇ ਸੰਗਤਾਂ ਨੂੰ ਮੰਤਰਮੁਗਧ ਕੀਤਾ। 
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਕਰਦੇ ਹੋਏ ਪੰਥਕ ਏਕਤਾ ਲਈ ਯਤਨਸ਼ੀਲ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ, ਕੋਈ ਵੀ ਦੇਸ਼, ਕੋਈ ਵੀ ਸ਼ਹਿਰ, ਇਥੋਂ ਤੱਕ ਕਿ ਕੋਈ ਵੀ ਪਰਿਵਾਰ ਲੜ ਕੇ ਜਾਂ ਆਪਸ ਵਿੱਚ ਵੰਡੇ ਰਹਿ ਕੇ ਅੱਗੇ ਨਹੀਂ ਵੱਧ ਸਕਦਾ। ਆਪਸ ਵਿੱਚ ਪ੍ਰੇਮ ਵਧਾ ਕੇ ਅਤੇ ਮਤਭੇਦਾਂ ਨੂੰ ਲਾਂਭੇ ਰੱਖ ਕੇ ਏਕਤਾ ਦੇ ਸੂਤਰ ਵਿੱਚ ਬੱਝ ਕੇ ਹੀ ਵਿਕਾਸ ਸੰਭਵ ਹੁੰਦਾ ਹੈ। ਵਿਰੋਧਤਾ ਨਾਲ ਦੂਰੀ ਵੱਧਦੀ ਹੈ। ਮਾਂ-ਬੋਲੀ ਦੇ ਮਹੱਤਵ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਕਿਹਾ ਕਿ ਜੇ ਅਸੀ ਸਿੱਖ ਰਹਿਣਾ ਹੈ ਤਾਂ ਗੁਰਮੁੱਖੀ ਅੱਖਰਾਂ ਦਾ ਗਿਆਨ ਬਹੁਤ ਜਰੂਰੀ ਹੈ। ਮਾਂ-ਬੋਲੀ ਤੋਂ ਬੇਮੁੱਖ ਹੋ ਕੇ ਮਨੁੱਖ ਕਿਸੇ ਵੀ ਥਾਂ ਦਾ ਨਹੀਂ ਰਹਿੰਦਾ।
ਉਹਨਾਂ ਕਿਹਾ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਿਦਿਆ ਦੇ ਦਾਤੇ ਸਨ। ਜਿੰਨ੍ਹਾਂ ਨੇ ਆਪ ਬਾਣੀ ਰਚੀ ਅਤੇ ਰਚਵਾਈ। ਅੱਜ ਅਸੀ ਇਸ ਬਾਣੀ ਤੋਂ ਦੂਰ ਜਾ ਰਹੇ ਹਾਂ। ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਪੰਥ ਦੀ ਚੜ੍ਹਦੀ ਕਲਾ ਲਈ ਸੰਗਤ ਨੂੰ ਖੁਦ ਸਿਖਿਅਤ ਹੋਣ ਦੇ ਨਾਲ-ਨਾਲ ਗਰੀਬ ਬੱਚਿਆ ਨੁੰ ਵਿਦਿਆ ਦਾਨ ਦੇਣ, ਹੱਥੀ ਸੇਵਾ ਕਰਨ ਅਤੇ ਇਸਤਰੀਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਤਿਾ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਰਾਜ ਕਾਇਮ ਹੋਣ ਨਾਲ ਹੀ ਮਾਨਵਤਾ ਦਾ ਭਲਾ ਸੰਭਵ ਹੈ। ਇਸਦੇ ਲਈ ਲੋਕਾਂ ਦੀ ਸ਼ਰਧਾ ਬਨਵਾਉਣੀ ਜਰੂਰੀ ਹੈ। ਜਿਸ ਵੀ ਰੂਪ ਵਿੱਚ ਜੋ ਵੀ ਗੁਰੂ ਨਾਨਕ ਨੂੰ ਮੰਨਦਾ ਹੈ, ਉਹ ਸਿੱਖ ਹੀ ਹੈ। ਇਸ ਮੋਕੇ ਉਨ੍ਹਾਂ ਇਹ ਨਾਅਰਾ ਵੀ ਦਿੱਤਾ: 
ਗੁਰੂ ਨਾਨਕ ਦੇ ਸਿੱਖ ਹਾਂ, ਅਸੀ ਸਾਰੇ ਇੱਕ ਹਾਂ, ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ
ਸਮਾਗਮ ਵਿੱਚ ਛੋਟੀਆਂ ਬੱਚੀਆਂ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਜੀਵਨ ਬਾਰੇ ਮਨਮੋਹਕ ਕਵਿਤਾਵਾਂ ਸੁਣਾਈਆਂ। ਇਸ ਮੌਕੇ ਸੰਤ ਜਸਬੀਰ ਸਿੰਘ ਪਾਇਲ ਸਮੇਤ ਪਰਿਵਾਰ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਹਰਦੀਪ ਸਿੰਘ ਪਲਾਹਾ, ਗੁਰਜੀਤ ਸਿੰਘ ਗੱਗੀ, ਰਾਜੇਸ਼ ਮਿਸ਼ਰਾ, ਭਾਜਪਾ ਆਗੂ ਹਨੀ ਬੇਦੀ, ਮਨੀ ਬੇਦੀ, ਸੁਖਦੇਵ ਸਿੰਘ ਗਿੱਲ, ਗੁਰਮੇਲ ਬਰਾੜ, ਫੋਰਮੈਨ ਹਰਭਜਨ ਸਿੰਘ, ਜਸਵਿੰਦਰ ਸਿੰਘ ਬੱਗਾ. ਰਾਧੇ ਸ਼ਾਮ ਕੌਸਲਰ, ਡਾ:ਕਰਮਜੀਤ ਸਿੰਘ ਡੇਹਲੋਂ, ਡਾ:ਰਜਿੰਦਰ ਸਿੰਘ, ਤਜਿੰਦਰ ਸਿੰਘ, ਦਲਜੀਤ ਸਿੰਘ ਲੱਲਕਲ੍ਹਾ, ਗੁਰਜੀਤ ਦੋਰਾਹਾ, ਰਾਜਵੰਤ ਸਿੰਘ, ਅਰਵਿੰਦਰ ਸਿੰਘ ਲਾਡੀ ਆਦਿ ਹਾਜਰ ਸਨ।
ਕਾਬਿਲੇ ਜ਼ਿਕਰ ਹੈ ਕਿ ਭਗਤੀ ਦੇ ਨਾਲ ਨਾਲ ਠਾਕੁਰ ਦਲੀਪ ਸਿੰਘ ਕੈਮਰੇ ਦੀ ਦੁਨੀਆ ਵਿੱਚ ਵੀ ਮੁਹਾਰਤ ਰੱਖਦੇ ਹਨ। ਇਸ ਮੌਕੇ 'ਤੇ ਉਹਨਾਂ ਦੀਆਂ ਤਸਵੀਰਾਂ ਉੱਤੇ ਅਧਾਰਿਤ ਇੱਕ ਦਿਲਕਸ਼ ਪੁਸਤਕ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸੰਗਤਾਂ ਨੇ ਇਸ ਪੁਸਤਕ ਪ੍ਰਤੀ ਵੀ ਬਹੁਤ ਉਤਸ਼ਾਹ ਦਿਖਾਇਆ। ਇਸ ਪੁਸਤਕ ਵਿੱਚ ਅਧਿਆਤਮਕ ਅਤੇ ਕੁਦਰਤ ਦੀਆਂ ਦੁਨੀਆ ਨਾਲ ਜੋੜਣ ਵਾਲਿਆਂ ਅਜਿਹੀਆਂ ਤਸਵੀਰਾਂ ਹਨ ਜਿਹਨਾਂ ਨੂੰ ਦੇਖਦਿਆਂ ਸਹਿ ਸੁਭਾਅ ਗੁਰਬਾਣੀ ਦੀਆਂ ਤੁਕਾਂ ਯਾਦ ਆਉਂਦੀਆਂ ਹਨ। ਪੁਸਤਕ ਜਗਤ ਵਿੱਚ ਇਹ ਇੱਕ ਖਾਸ ਕਿਤਾਬ ਹੈ। 
ਠਾਕੁਰ ਦਲੀਪ ਸਿੰਘ ਹੁਰਾਂ ਦੀ ਪ੍ਰੇਰਨਾ ਨਾਲ ਝੋਪੜ ਪੱਟੀ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਉੱਤੇ ਖੜੇ ਕਰਨ ਦੇ ਮਿਸ਼ਨ ਵਿੱਚ ਸਰਗਰਮ ਹਰਪ੍ਰੀਤ ਕੌਰ ਪ੍ਰੀਤ ਨੇ ਆਪਣੇ ਇਸ ਮੰਤਵ ਬਾਰੇ ਪੰਜਾਬ ਸਕਰੀਨ ਨਾਲ ਵੀ ਗੱਲਬਾਤ ਕੀਤੀ। ਤੁਸੀਂ ਇਸ ਗੱਲਬਾਤ ਦੇ ਕੁਝ ਅੰਸ਼ ਵੀਡੀਓ 'ਤੇ ਵੀ ਦੇਖ ਸਕਦੇ ਹੋ। 
ਇਸੇ ਤਰਾਂ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਸਾਰ ਲੈਣ ਵਾਲੀ ਕੁਲਦੀਪ ਕੌਰ ਪਟਿਆਲਾ ਤੋਂ ਆਈ ਹੋਈ ਸੀ। ਅੱਜ ਦੇ ਸਵਾਰਥੀ ਯੁਗ ਵਿੱਚ ਜਦੋਂ ਹਰ ਰਿਸ਼ਤਾ ਕਿਸੇ ਨ ਕਿਸੇ ਫਾਇਦੇ ਉੱਤੇ ਖੜੋਤਾ ਹੈ ਉਦੋਂ ਕੁਲਦੀਪ ਕੌਰ ਖਾਲਸਾ ਚਿੰਤਿਤ ਹੈ ਲਗਾਤਾਰ ਮੁੱਕਦੀ ਜਾ ਰਹੀ ਸੰਵੇਦਨਾ ਤੋਂ। ਉਹ ਲੱਭ ਲੱਭ ਕੇ ਉਹਨਾਂ ਪਰਿਵਾਰਾਂ ਤੱਕ ਪਹੁੰਚਦੀ ਹੈ ਜਿਹਨਾਂ ਦੇ ਬੱਚੇ ਫੀਸ ਨਾ ਹੋਣ ਕਾਰਨ ਸਕੂਲ ਨਹੀਂ ਜਾ ਸਕਦੇ। ਜਾ ਉਹਨਾਂ ਘਰਾਂ ਵਿੱਚ ਜਿਹਨਾਂ ਵਿੱਚ ਪੈਸੇ ਦੀ ਕਮੀ ਕਾਰਨ ਕਿਸੇ ਬਿਮਾਰ ਦਾ ਇਲਾਜ ਨਹੀਂ ਹੋ ਰਿਹਾ। ਕੁਲਦੀਪ ਕੌਰ ਅਜਿਹੇ ਘਰਾਂ ਤੱਕ ਪਹੁੰਚਦੀ ਹੈ ਅਤੇ ਆਪਣੀ ਵਿੱਤੀ ਸਮਰਥਾ ਮੁਤਾਬਿਕ ਉਹਨਾਂ ਦੀ ਨੱਦ ਕਰਦੀ ਹੈ।  ਉਸਦਾ ਕਹਿਣਾ ਹੈ ਕਿ ਉਸ ਨੂੰ ਇਹ ਪ੍ਰੇਰਨਾ ਠਾਕੁਰ ਜੀ ਵਰਗੀਆਂ ਸ਼ਖਸੀਅਤਾਂ ਕੋਲੋਂ  ਹੀ ਮਿਲਦੀ ਹੈ। 
ਇਸੇ ਤਰਾਂ ਰਣਜੀਤ ਕੌਰ ਵੀ ਸਭਨਾਂ ਨੂੰ ਵਿੱਦਿਆ ਪਹੁੰਚਾਉਣ ਦੇ ਮਿਸ਼ਨ ਨੂੰ ਸਮਰਪਿਤ ਹੈ। ਉੱਸਦਾ ਕਹਿਣਾ ਹੈ ਕਿ ਵਿੱਦਿਆ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨ ਵਾਲੇ ਹਰ ਸਿੱਖ ਨੂੰ ਵਿੱਦਿਆ ਦਾ ਵੱਧ ਤੋਂ ਵੱਧ ਪਸਾਰ ਕਰਨਾ ਚਾਹੀਦਾ ਹੈ। ਵਿੱਦਿਆ ਦੀ ਜੋਤ ਹਰ ਇੱਕ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। 
ਇਸ ਸਮਾਗਮ ਵਿੱਚ ਜਿਹੇ ਹੋਰ ਵੀ ਬਹੁਤ ਲੋਕ ਸਨ ਜਿਹੜੇ ਕਿਸੇ ਨ ਕਿਸੇ ਤਰੀਕੇ ਸਮਾਜ ਸੇਵਾ ਕਰ ਕੇ ਇੱਕ ਨਵਾਂ ਸਿਹਤਮੰਦ ਸਮਾਜ ਸਿਰਜਣ ਦੇ ਮਿਸ਼ਨ ਨੂੰ ਸਮਰਪਿਤ ਹਨ। ਪੂਰੀ ਤਰਾਂ ਸਰਗਰਮ ਪਰ ਪੂਰੀ ਤਰਾਂ ਖਾਮੋਸ਼। ਇਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਪਰਮਾਤਮਾ ਨੇ ਸਾਨੂੰ ਇਸ ਕੰਮ ਲਈ ਚੁਣਿਆ ਹੈ। ਸਮਾਜ ਦੇ ਪਤਝੜ ਮਾਰੇ ਲੋਕਾਂ ਨੂੰ ਬਸੰਤ ਵਾਲੀ ਬਾਹਰ ਦਿਖਾ ਰਿਹਾ ਸੀ ਇਹ ਬਸੰਤ ਪੰਚਮੀ ਸਮਾਗਮ। 

No comments: